ਪ੍ਰਵੀਨ ਤੋਗੜੀਆ ਹਸਪਤਾਲ ਵਿਚ ਪ੍ਰੈਸ ਕਾਨਫਰੰਸ ਦੌਰਾਨ

ਅਹਿਮਦਾਬਾਦ, (ਜਾਗੋ ਪੰਜਾਬ ਬਿਊਰੋ): ਅੰਤਰਰਾਸ਼ਟਰੀ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਦੇ ਅਹਿਮਦਾਬਾਦ ਵਿਚ ਲਾਪਤਾ ਹੋਣ ਮਗਰੋਂ ਬੇਹੋਸ਼ੀ ਦੀ ਹਾਲਤ ਵਿਚ ਮਿਲਣ ਦੀਆਂ ਖਬਰਾਂ ਤੋਂ ਇਕ ਦਿਨ ਬਾਅਦ ਅੱਜ ਤੋਗੜੀਆ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲ ਵਿਚ ਮਾਰਨ ਦੀ ਸਾਜਿਸ਼ ਰਚੀ ਗਈ ਸੀ।

ਪਰ ਤੋਗੜੀਆ ਦੇ ਇਸ ਬਿਆਨ ਨੂੰ ਖਾਰਜ ਕਰਦਿਆਂ ਗੁਜਰਾਤ ਪੁਲਿਸ ਨੇ ਕਿਹਾ ਹੈ ਕਿ ਤੋਗੜੀਆ ਨੇ ਗ੍ਰਿਫਤਾਰੀ ਤੋਂ ਬਚਣ ਲਈ ਇਹ ਸਾਰਾ ਡਰਾਮਾ ਕੀਤਾ। ਜਿਕਰਯੋਗ ਹੈ ਕਿ ਪ੍ਰਵੀਨ ਤੋਗੜੀਆ ਗਰਮਖਿਆਲੀ ਹਿੰਦੂ ਆਗੂ ਹੈ ਜੋ ਘੱਟਗਿਣਤੀਆਂ ਪ੍ਰਤੀ ਭੜਕਾਊ ਬਿਆਨਬਾਜੀ ਲਈ ਜਾਣੇ ਜਾਂਦੇ ਹਨ ਤੇ ਸਰਕਾਰ ਵਲੋਂ ਮਿਲੀ ਹੋਈ ਜ਼ੈਡ ਸਕਿਉਰਿਟੀ ਦੀ ਸੁਰੱਖਿਆ ਛਤਰੀ ਹੇਠ ਘੁੰਮਦੇ ਹਨ।

ਪੁਲਿਸ ਕਮਿਸ਼ਨਰ ਜੇ ਕੇ ਭੱਟ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪ੍ਰਵੀਨ ਤੋਗੜੀਆ ਨੇ ਆਪਣੇ ਕੁਝ ਸਾਥੀਆਂ ਅਤੇ ਪ੍ਰਾਈਵੇਟ ਹਸਪਤਾਲ ਨਾਲ ਮਿਲ ਕੇ ਇਹ ਡਰਾਮਾ ਰਚਿਆ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੋਮਵਾਰ ਨੂੰ ਸਵੇਰੇ 11 ਵਜੇ ਤੋਗੜੀਆ ਵਿਸ਼ਵ ਹਿੰਦੂ ਪਰਿਸ਼ਦ ਦੇ ਦਫਤਰ ਤੋਂ ਨਿੱਕਲ ਕੇ ਆਪਣੇ ਸਾਥੀ ਘਨਸ਼ਿਆਮ ਚਰਨਦਾਸ ਦੇ ਘਰ ਜਾਂਦੇ ਹਨ।

ਪੁਲਿਸ ਸੂਤਰਾਂ ਅਨੁਸਾਰ 108 ਨੰਬਰ ਐਂਬੂਲੈਂਸ ਨੂੰ ਕੋਟਰਪੁਰ ਨਾਮੀਂ ਥਾਂ ‘ਤੇ ਫੋਨ ਕਰਕੇ ਬੁਲਾਇਆ ਜਾਂਦਾ ਹੈ ਪਰ ਉਸ ਤੋਂ ਕਾਫੀ ਸਮਾਂ ਪਹਿਲਾਂ ਹੀ ਇਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੂੰ ਇਹ ਇਤਲਾਹ ਦੇ ਦਿੱਤੀ ਗਈ ਸੀ ਕਿ ਕੋਈ ਵੀ.ਆਈ.ਪੀ ਮਰੀਜ ਇਲਾਜ ਲਈ ਆ ਰਿਹਾ ਹੈ।

ਪ੍ਰਵੀਨ ਤੋਗੜੀਆ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੀ ਸਾਜਿਸ਼ ਰਚੀ ਗਈ ਸੀ, ਪਰ ਜਦੋਂ ਪੁੱਛਿਆ ਗਿਆ ਕਿ ਇਹ ਸਾਜਿਸ਼ ਕਿਸ ਵਲੋਂ ਰਚੀ ਗਈ ਤਾਂ ਉਹਨਾਂ ਕਿਸੇ ਦਾ ਵੀ ਨਾਮ ਲੈਣ ਤੋਂ ਮਨ੍ਹਾ ਕਰ ਦਿੱਤਾ। ਪਰ ਨਾਲ ਹੀ ਉਹਨਾਂ ਅਸਿੱਧੇ ਢੰਗ ਨਾਲ ਗੁਜਰਾਤ ਸਰਕਾਰ ਵਲ ਉਂਗਲ ਵੀ ਚੁੱਕ ਦਿੱਤੀ।

ਤੋਗੜੀਆ ਨੇ ਕਿਹਾ ਕਿ ਉਹਨਾਂ ਵਲੋਂ ਹਿੰਦੂਆਂ, ਰਾਮ ਮੰਦਿਰ ਦੇ ਨਿਰਮਾਣ ਅਤੇ ਗਾਵਾਂ ਦੀ ਰੱਖਿਆ ਲਈ ਚੁੱਕੀ ਜਾਂਦੀ ਅਵਾਜ਼ ਨੂੰ ਦਬਾਉਣ ਦੇ ਇਰਾਦੇ ਨਾਲ ਉਹਨਾਂ ਖਿਲਾਫ ਦਰਜ ਪੁਰਾਣੇ ਕੇਸ ਦੁਬਾਰਾ ਖੋਲ੍ਹੇ ਜਾ ਰਹੇ ਹਨ।

ਤੋਗੜੀਆ ਨੂੰ ਹਸਪਤਾਲ ਵਿਚ ਮਿਲਣ ਲਈ ਪਹੁੰਚਣ ਵਾਲਿਆਂ ਵਿਚ ਪਾਟੀਦਾਰ ਆਗੂ ਹਾਰਦਿਕ ਪਟੇਲ ਅਤੇ ਦਿਨੇਸ਼ ਭੰਬਾਨੀਆ, ਇਸ਼ਰਤ ਜਹਾਂ ਝੂਠੇ ਮੁਕਾਬਲੇ ਦੇ ਕੇਸ ਵਿਚ ਜਮਾਨਤ ‘ਤੇ ਚੱਲ ਰਹੇ ਰਿਟਾਇਰਡ ਆਈ.ਪੀ.ਐਸ ਅਧਿਕਾਰੀ ਡੀਜੀ ਵਣਜਾਰਾ ਸ਼ਾਮਿਲ ਸਨ।

ਸੂਤਰਾਂ ਅਨੁਸਾਰ ਨਰਿੰਦਰ ਮੋਦੀ ਅਤੇ ਪ੍ਰਵੀਨ ਤੋਗੜੀਆ ਵਿਚਕਾਰ ਸਭ ਕੁਝ ਸਹੀ ਨਹੀਂ ਚੱਲ ਰਿਹਾ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਅੰਦਰ ਵੀ ਪ੍ਰਵੀਨ ਤੋਗੜੀਆ ਖਿਲਾਫ ਵਿਰੋਧ ਮਜ਼ਬੂਤ ਹੋ ਰਿਹਾ ਹੈ।

NO COMMENTS