ਸਰਬਜੀਤ ਸਿੰਘ ਘੁਮਾਣ

ਅੱਜ ਟੱਬਰ-ਟੀਰ ਨਾਲ ਅਲਫਾ ਮਾਲ ਚ ‘ਦ ਬਲੈਕ ਪ੍ਰਿੰਸ’ਦੇਖਣ ਗਏ ।ਦਿਲ ਵਿਚ ਸੀ ਕਿ ਜਿਹੋ ਜਿਹੋ ਮਹਾਰਾਜਾ ਦਲੀਪ ਸਿੰਘ ਦੀ ਕਿਸਮਤ,ਉਹੋ ਜਿਹੀ ਯਾਰਾਂ ਦੀ ਕਿਸਮਤ।ਉਹ ਵੀ ਪੂਰਾ ਗੁਰਸਿਖ ਬਨਣ ਲਈ ਤੜਪਦਾ ਰਿਹਾ ਤੇ ਮੈਂ ਵੀ ਇਸੇ ਰੋਗ ਦਾ ਮਾਰਿਆ ਹੋਇਆ ਹਾਂ।ਨਾ ਉਹਨੂੰ ਰਾਜ-ਭਾਗ ਦੀ ਤੜਪ ਨੇ ਟਿਕਣ ਦਿਤਾ ਨਾ ਮੈਨੂੰ ਟਿਕਣ ਦਿੰਦੀ ਆ।ਜਦੋਂ ਕਿਸੇ ਨਾਲ ਇਹੋ ਜਿਹੀ ਦੁਖ-ਸੁਖ ਦੀ ਸਾਂਝ ਹੋਵੇ ਫੇਰ ਉਹਦਾ ਰਾਜਕੁਮਾਰ,ਰਾਜਾ,ਮਹਾਰਾਜਾ,ਬਾਦਸ਼ਾਹ ,ਸ਼ਹਿਨਸ਼ਾਹ ਹੋਣਾ ਜਾਂ ਕੁਝ ਵੀ ਨਾ ਹੋਣਾ,ਇਕ ਬਰੋਬਰ ਹੀ ਲੱਗਦਾ ਹੁੰਦਾ।ਇਸੇ ਕਰਕੇ ਜਿਦਣ ਦੀ ਇਹ ਫਿਲਮ ਲੱਗੀ ਹੈ ਮਨ ਵਿਚ ਸੀ ਕਿ ਖੁਦ ਨੂੰ ‘ਬਲੈਕ ਪ੍ਰਿੰਸ/ਮਹਾਰਾਜਾ” ਸਮਝਕੇ ਮਹਾਰਾਜਾ ਦਲੀਪ ਸਿੰਘ ਨੂੰ ‘ਮਿਲੀਏ ਤਾਂ ਸਹੀ’।

ਅੱਜ ਮੁਲਾਕਾਤ ਦਾ ਸਵੱਬ ਬਣ ਈ ਗਿਆ।ਉਹੀ ਕਸ਼ਮਕਸ਼।ਉਹੀ ਧਰਮ ਪ੍ਰਤੀ ਸ਼ਿੱਦਤ।ਉਹੀ ਆਜ਼ਾਦੀ ਦਾ ਜਜਬਾ।ਉਹੀ ਆਪਣੇ-ਆਪ ਨਾਲ ਜੰਗ।ਬੇਵੱਸੀ।ਬੇਕਰਾਰੀ।ਵਕਤ ਦੀ ਬੇਕਿਰਕ ਤੇ ਬੇਦਰਦ ਮਾਰ ਦਾ ਸਤਾਇਆ ਸਾਡਾ ਮਹਾਰਾਜਾ ਦਲੀਪ ਸਿੰਘ ਜੀਹਨੂੰ ਜਿਉਂਦੇ ਜੀ ਸਿਖ ਬਣ ਜਾਣ ਦੇ ਬਾਵਜੂਦ ਅੰਗਰੇਜਾਂ ਨੇ ਉਹਦੇ ਚਲਾਣੇ ਮਗਰੋਂ ਵੀ ਸਿੱਖ ਨਾ ਮੰਨਿਆ।ਕਿਥੇ ਉਹ ਸਾਡਾ ਮਹਾਰਾਜਾ ਜਿਹੜਾ ਈਸਾਈ ਹੋਣ ਤੋਂ ਇਨਕਾਰ ਕਰਦਾ ਹੋਇਆ ਜੂਝਦਾ ਹੈ,ਕਿਥੇ ਆਹ ਲੋਕ ਜਿਹੜੇ ਸਿਖ ਹੋਣ ਤੋਂ ਇਨਕਾਰ ਕਰਦੇ ਨੇ ਕਿ ‘ਅਸੀਂ ਤਾਂ ਹੁਣ ਈਸਾਈ ਹੋਗੇ”।ਉਹ ਜਲਾਵਤਨੀ ਵਿਚ ਹੀ ਚੜ੍ਹਾਈ ਕਰ ਗਿਆ।ਕਿੰਨੀ ਮੇਹਨਤ ਕੀਤੀ ਸੀ ਆਜ਼ਾਦੀ ਲਈ।ਕਿਹੜੇ-ਕਿਹੜੇ ਮੁਲਕ ਗਿਆ,ਕੋਸ਼ਿਸ਼ਾਂ ਕੀਤੀਆਂ।ਪਰ ਗਦਾਰੀਆਂ ਨੇ ਵਾਹ ਨਾ ਜਾਣ ਦਿਤੀ।ਉਹਨੂੰ ਦੇਖਦਾ ਹੋਇਆ ਮੈ ਉਨਾਂ ਨੂੰ ਯਾਦ ਕਰਦਾ ਰਿਹਾ ਜਿਹੜੇ ਕੌਮ ਦੀ ਆਜ਼ਾਦੀ ਲਈ ਸਿਰਾਂ ਉਪਰ ਖੱਫਣ ਬੰਨ੍ਹਕੇ ਨਿਤਰੇ। ਭਾਈ ਵਧਾਵਾ ਸਿੰਘ ਭਾਈ ਗਜਿੰਦਰ ਸਿੰਘ, ਭਾਈ ਸੁਖਦੇਵ ਸਿੰਘ ਬੱਬਰ , ਭਾਈ ਗੁਰਜੰਟ ਸਿੰਘ ਬੁਧਸਿੰਘ ਵਾਲਾ,ਭਾਈ ਦਲਜੀਤ ਸਿੰਘ ਬਿਟੂ ਤੇ ਹੋਰ ਸਾਰੇ ਅੱਖਾਂ ਮੂਹਰੇ ਘੁੰਮਦੇ ਰਹੇ।ਜਿਹੜੇ ਚੜ੍ਹਾਈ ਕਰ ਗਏ,ਸ਼ਹੀਦ ਹੋ ਗਏ,ਉਹ ਸੁਰਖੁਰੂ ਹੋ ਗਏ ਜਿਵੇਂ ਮਹਾਰਾਜਾ ਦਲੀਪ ਸਿੰਘ ਫਰਾਂਸ ਵਿਚ ਸੁਰਖਰੂ ਹੋਗਿਆ ਸੀ ਪਰ ਜੇਹੜੇ ਖਾਲਿਸਤਾਨ ਲਈ ਅਜੇ ਵੀ ਜੂਝਦੇ ਨੇ ਉਹ ਜੋ ਸੰਤਾਪ ਭੋਗਦੇ ਨੇ,ਉਹਦਾ ਅਹਿਸਾਸ ਕੋਈ ਦੂਜਾ ਕਰ ਈ ਨਹੀ ਸਕਦਾ।

ਫਿਲਮ ਵਿਚ ਇਕ ਥਾਂ ਮਹਾਰਾਜਾ ਦਲੀਪ ਸਿੰਘ ਨੂੰ ਮਾਰਨ ਲਈ ਗਦਾਰ ਜਦ ਹੱਲਾ ਬੋਲਦੇ ਨੇ ਤਾਂ ਮੈਨੂੰ ਇਕਦਮ ਉਹ ਲੋਕ ਚੇਤੇ ਆ ਗਏ ਜਿਹੜੇ ਜੁਝਾਰੂਆਂ ਉਪਰ ਇਲਜਾਮ ਲਾਉਣ ਨੂੰ ਈ ਕੌਮੀ ਸੇਵਾ ਸਮਝੀ ਬੈਠੇ ਨੇ।ਤਾਹਨੇ-ਮੇਹਣੇ ਮਾਰਨ ਵਾਲੇ,ਇਲਜਾਮ ਲਾਉਣ ਵਾਲੇ ਕੀ ਜਾਨਣ ਕਿ ਖਾਮੋਸ਼ ਪਰਬਤਾਂ ਦੇ ਪਿਛੇ ਕਿੰਨੇ ਮਹਾਂਸਾਗਰ ਖੌਲਦੇ ਨੇ,ਕਿੰਨੇ ਜਵਾਰਭਾਟੇ ਉਠਦੇ ਨੇ।ਫਿਲਮ ਵਿਚਲਾ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦ ਕੌਰ ਦੇ ਚਲਾਣੇ ਤੋਂ ਬਾਅਦ ਜੋ ਦੁੱਖ,ਸੰਤਾਪ ਭੋਗਦਾ ਹੈ ਤੇ ਜੋ ਕੁਝ ਕਰਦਾ ਹੈ ਉਹ ਖਾਲਿਸਤਾਨੀ ਜੁਝਾਰੂਆਂ ਦਾ ਈ ਰੂਪ ਜਾਪਿਆ।ਜਿਵੇਂ ਮਹਾਰਾਜਾ ਦਲੀਪ ਸਿੰਘ ਨਾਲ ਵਕਤ ਨੇ ਵਫਾ ਨਹੀ ਕੀਤੀ ਉਵੇਂ ਹੀ ਖਾਲਿਸਤਾਨੀ ਜੁਝਾਰੂਆਂ ਨਾਲ ਹੋਇਆ।ਜਿਵੇਂ ਮਹਾਰਾਜੇ ਨੂੰ ਆਪਣੇ ਲੋਕਾਂ ਦਾ ਸਾਥ ਨਹੀ ਮਿਲਿਆ ,ਗਦਾਰ ਟੱਕਰੇ ਪਰ ‘ਅਰੂੜ ਸਿੰਘ’ਵਰਗੇ ਵਫਾਦਾਰ ਵੀ ਮਿਲੇ ਉਵੇਂ ਹੀ ਖਾਲਿਸਤਾਨੀ ਲਹਿਰ ਨਾਲ ਹੋਇਆ।ਹੁਣ ਵੀ ‘ਅਰੂੜ ਸਿੰਘ’ਹੈਗੇ ਨੇ’ਠਾਕੁਰ ਸਿੰਘ’ਹੈਗੇ ਨੇ,ਥੋੜੇ ਨੇ,ਪਰ ਹੈਗੇ ਨੇ।ਬਹੁਤੇ ਲੋਕ ਹੋਰ ਤਰਾਂ ਦੇ ਹੋਗੇ।ਉਲਝੇ ਜਿਹੇ ਹੋਏ।ਕਹਿਣਗੇ,ਗੱਲ ਤਾਂ ਤੁਹਾਡੀ ਸਹੀ ਐ,ਹਿੰਦੂ ਸਾਮਰਾਜ ਜੁਲਮ ਕਰਦਾ,ਸਿਖਾਂ ਦਾ ਆਪਦਾ ਘਰ ਚਾਹੀਦਾ,ਪਰ ਸਾਡੇ ਲਈ ਥੋਡੇ ਨਾਲ ਤੁਰਨਾ ਮੁਸ਼ਕਿਲ ਈ ਐ”।ਵਿਚਾਰੇ ਉਵੇਂ ਹੀ ਹਿੰਦੂ ਮਕੜਜਾਲ ਚ ਫਸੇ ਹੋਏ ਨੇ ਜਿਵੇਂ ਫਿਲਮ ਵਿਚ ਮਹਾਰਾਜਾ ਦਲੀਪ ਸਿੰਘ ਈਸਾਈਆ ਦੇ ਮਕੜਜਾਲ ਚ ਫਸਿਆ ਹੋਇਆ ਸੀ।ਪਤਾ ਨਹੀ ਹੁਣ ਕੋਈ ਮਹਾਰਾਣੀ ਜਿੰਦ ਕੌਰ ਵਰਗੀ ਹਸਤੀ ਕਦੋਂ ਪ੍ਰਗਟ ਹੋਊ ਜਿਹੜੀ ਹਿੰਦੂ ਮਕੜਜਾਲ ਵਿਚ ਫਸੇ ਸਿਖਾਂ ਨੂੰ ਮਹਾਰਾਜਾ ਦਲੀਪ ਸਿੰਘ ਵਾਂਗ ਸਮਝਾਵੇ ਕਿ ਤੁਸੀ ਕੋਈ ਬਲੈਕ ਪ੍ਰਿੰਸ ਨਹੀ,ਤੁਸੀ ਤਾਂ ਬਾਦਸ਼ਾਹ ਸੀ ਇਸ ਧਰਤੀ ਦੇ।ਇਹ ਪੰਜਾਬ ਤੁਹਾਡਾ ਆਪਣਾ ਹੈ,ਇਥੇ ਤੁਹਾਡੇ ਵੱਡਿਆਂ ਨੇ ਰਾਜ ਕੀਤਾ ਹੈ।

ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਜਦ ਜਨ ਗਨ ਮਨ ਸ਼ੁਰੂ ਹੋਇਆ ਤਾਂ ਹਾਲ ਵਿਚ ਖੜ੍ਹਕੇ ਹਿੰਦੂ ਸਾਮਰਾਜ ਦੀ ਅਧੀਨਗੀ ਕਬੂਲ ਕਰਦੇ ਲੋਕਾਂ ਤੇ ਤਰਦੀ ਜਿਹੀ ਨਜਰ ਮਾਰੀ ਤਾਂ ਨੱਬੇ ਪਰਸੈਂਟ ਸਿਖਾਂ ਵਰਗੀਆਂ ਸ਼ਕਲਾਂ ਸਨ,ਇਕ ਅੰਮ੍ਰਿਤਧਾਰੀ ਬੀਬੀ ਤਾਂ ਜਨ ਗਨ ਮਨ ਮੌਕੇ ਵਾਰ-ਵਾਰ ਸਿਰ ਤੇ ਚੁੰਨੀ ਹੀ ਠੀਕ ਕਰਦੀ ਰਹੀ।ਜਿਵੇਂ ਫਿਲਮ ਵਿਚ ਮਿਸਟਰ ਲੋਗਨ ਨੇ ਮਹਾਰਾਜਾ ਦਲੀਪ ਸਿੰਘ ਨੂੰ ਚਰਚ ਵਿਚ ਪੁੱਛਿਆ ਸੀ ਕਿ ਇਥੇ ਆਕੇ ਤੈਨੂੰ ਸ਼ਾਂਤੀ ਜਿਹੀ ਨਹੀ ਮਿਲਦੀ,ਉਵੇਂ ਜੇ ਜਨ ਗਨ ਮਨ ਮੌਕੇ ਖੜਨ ਵਾਲੇ ਅੰਮ੍ਰਿਤਧਾਰੀ ਸਿਖਾਂ ਨੂੰ ਪੁਛਿਆ ਜਾਵੇ ਕਿ ਇਥੇ ਤੇ ਅਰਦਾਸ ਮੌਕੇ ਖੜ੍ਹਨ ਦਾ ਕੀ ਫਰਕ ਮਹਿਸੂਸ ਹੁੰਦਾ ਤਾਂ ….. ? ਖੈਰ, ਕੁਝ ਹੰਝੂ ‘ਦ ਬਲੈਕ ਪ੍ਰਿੰਸ’ ਦੇਖਕੇ ਅੰਮ੍ਰਿਤਸਰ ਦੇ ਅਲਫਾ ਮਾਲ ਵਿਚ ਵਹਿਣੇ ਸੀ ਵਹਿ ਗੇ।ਰੋਣਾ ਸੀ,ਰੋ ਲਿਆ,ਖੁਸ਼ ਹੋਣਾ ਸੀ ਹੋ ਲਿਆ।ਬਾਹਰ ਨਿਕਲਦਿਆਂ ਮਨ ਵਿਚ ਧਾਰ ਲਿਆ,ਹੋਰ ਦ੍ਰਿੜਤਾ ਨਾਲ ਕਿ ਹੋਰਾਂ ਨੂੰ ਆਪਦਾ ਪਤਾ ਹੋਊ ਪਰ ਆਪਾਂ ਤਾਂ ਬਾਗੀ ਹਾਂ ਤੇ ਖਾਲਸੇ ਦੀ ਬਾਦਸ਼ਾਹੀ ਲੈਣ ਲਈ ਲੜਨਾ ਹੈ।ਆਖਿਰ ਆਪਾਂ ਵੀ ਤਾਂ ਬਲੈਕ ਪ੍ਰਿੰਸ ਆਂ।ਮਹਾਰਾਜਾ ਦਲੀਪ ਸਿੰਘ ਵਾਂਗ ਸਿਖ ਪਛਾਣ ਲਈ ਲੜਨਾ ਸਹੀ ਹੈ,ਆਜ਼ਾਦੀ ਲਈ ਲੜਨਾ ਸਹੀ ਹੈ ਪਰ ‘ਵਿਕਟਰ’ ਵਾਲੀ ਗੱਲ ਨਹੀ ਮਨਜੂਰ ਕਿ ਹਕੂਮਤ ਦੀ ਅਧੀਨਗੀ ਕਬੂਲ ਕਰ ਲਈਏ ,ਨਜਾਰੇ ਲਵਾਂਗੇ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS