ਲੇਖਕ: ਸ.ਸਰਬਜੀਤ ਸਿੰਘ ਘੁਮਾਣ
ਸੰਪਰਕ: 9781991622

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਬੇਸ਼ਕ ਬਹੁਤ ਸਾਰੇ ਕਾਰਨ ਹੋਣਗੇ ਪਰ ਮੁਖ ਕਾਰਨ ਬ੍ਰਾਹਮਣਵਾਦ ਦਾ ਸਿਖ ਧਰਮ ਦੇ ਮੁਖ ਸਥਾਨਾਂ ਉਪਰ ਕਬਜਾ ਸੀ ਜਿਸਦਾ ਸਭ ਤੋਂ ਵੱਧ ਸੇਕ ਉਨਾਂ ਲੋਕਾਂ ਨੂੰ ਝੱਲਣਾ ਪੈ ਰਿਹਾ ਸੀ ਜਿੰਨਾਂ ਨੂੰ ਗੁਰੂ ਸਾਹਿਬਾਨ ਨੇ ਇਹ ਕਹਿਕੇ ਗਲ਼ ਨਾਲ ਲਾਇਆ ਸੀ ਕਿ ਕਿ , “ਜਿਨਕੀ ਜਾਤ ਵਰਣ ਔਰ ਕੁੱਲ੍ਹ ਮਾਹੀ ਸਰਦਾਰੀ ਨਾ ਭਈ ਕਦਾਈ। ਇਨ ਹੀ ਕੋ ਸਰਦਾਰ ਬਨਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ” ਮਤਲਬ ਕਿ ਬ੍ਰਾਹਮਣਵਾਦ ਦੇ ਸਤਾਏ ਹੋਏ ਉਹ ਲੋਕ ਜੋ ਜਾਤ-ਵਰਣ ਦੇ ਨਾਂ ਤੇ ਹੁੰਦੇ ਅੱਤਿਆਚਾਰਾਂ ਤੋਂ ਦੁਖੀ ਹੋਕੇ ਸਿਖੀ ਦੀ ਸ਼ਰਣ ਵਿਚ ਆਕੇ ਖਾਲਸਾ ਪੰਥ ਦਾ ਨਰੋਆ ਅੰਗ ਬਣੇ ਸਨ ਉਨਾਂ ਨੂੰ ਜਦ ਸਿਖ ਧਰਮ ਦੇ ਮੁਖ ਸਥਾਂਨਾਂ ਤੋਂ ਦੁਰਕਾਰਿਆ ਜਾਣ ਲੱਗਾਂ ਤੇ ਉਹੀ ਬ੍ਰਾਹਮਣਵਾਦੀ ਰਸਮ-ਰਿਵਾਜ ਮੰਨਣ ਲਈ ਮਜਬੂਰ ਕੀਤਾ ਗਿਆ ਤਾਂ ਸਿਖ ਕੌਮ ਅੰਦਰ ਇੱਕ ਚਰਚਾ ਛਿੜੀ ਕਿ ਸਿਖੀ ਨੇ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਵਿਚਾਰਧਾਰਾ ਤੇ ਚੱਲਣਾ ਹੈ ਕਿ ਮਨੂ ਸਿਮਰਤੀ ਤੇ ਚੱਲਣਾ ਹੈ? ਸਿੰਘ ਸਭਾ ਲਹਿਰ,ਗੁਰਦੁਆਰਾ ਸੁਧਾਰ ਲਹਿਰ ਤੇ ਸਿਖਾਂ ਵਿਚ ਜਾਗਿਰਤੀ ਦੀਆਂ ਉਠੀਆਂ ਹੋਰ ਲਹਿਰਾਂ ਦਾ ਮੁਖ ਬਿੰਦੂ ਇਹੀ ਰਿਹਾ ਕਿ ਸਿਖੀ ਨੇ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਝੰਡਾ ਬੁਲੰਦ ਕਰਨਾ ਹੈ ਤੇ ਮਨੂ ਸਿਮਰਤੀ ਦੇ ਬ੍ਰਾਹਣਵਾਦੀ ਫਲਸਫੇ ਨੂੰ ਰੱਦ ਕਰਨਾ ਹੈ।

ਗੁਰਦੁਆਰਾ ਸੁਧਾਰ ਲਹਿਰ ਦਾ ਮੂਲ਼ ਆਧਾਰ ਉਹ ਮਹਾਨ ਸਾਕਾ ਹੈ ਜਦ ਬ੍ਰਾਹਮਣਵਾਦ ਵਲੋਂ ਨੀਚ ਕਹੀਆਂ ਜਾਤਾਂ ਦੇ ਸਿਖ ਦਰਬਾਰ ਸਾਹਿਬ ਵਿਚ ਗਏ ਤੇ ਉਨਾਂ ਦੀ ਕੜਾਹ-ਪ੍ਰਸ਼ਾਦ ਦੀ ਦੇਗ ਪੁਜਾਰੀਆਂ ਨੇ ਪਰਵਾਨ ਨਾ ਕੀਤੀ ਤੇ ਫੇਰ ਇਕ ਸਿਧਾਂਤਕ ਜੰਗ ਦਾ ਆਗਾਜ ਹੋਇਆਂ ਜਿਸਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਚੋਂ ਬ੍ਰਾਹਮਣਵਾਦੀ ਪੁਜਾਰੀਆਂ ਦਾ ਬਿਸਤਰਾ ਗੋਲ ਕੀਤਾ। ਇਸੇ ਵਿਚੋਂ ਸ਼੍ਰੋਮਣੀ ਕਮੇਟੀ ਬਣੀ। ਪਤਾ ਨਹੀ ਭੁਲਰ ਸਾਹਿਬ ਨੇ ਆਪਣੇ ਲੇਖ ਵਿਚ ਕਿਉਂ ਨਹੀ ਲਿਖਿਆ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਮੁਖ ਤੌਰ ਤੌਰ ਤੇ ਸੇਹਰਾ ਤੇ ਅਖੌਤੀ ਪੱਛੜੀਆਂ ਸ਼੍ਰੇਣੀਆਂ ਦੇ ਸਿਖਾਂ ਵਲੋਂ ਬ੍ਰਾਹਮਣਵਾਦੀ ਪੁਜਾਰੀਆਂ ਨੂੰ ਦਿਤੀ ਟੱਕਰ ਹੈ। ਪਾਠਕਾਂ ਨੂੰ ਦੱਸਣਾ ਚਾਹਾਂਗਾਂ ਕਿ ਇੰਨੀ ਦਿਨੀ ਅਜੀਤ ਅਖਬਾਰ ਵਿਚ ਡਾ.ਗੁਰਦੇਵ ਸਿੰਘ ਸਿੱਧੂ ਦੀ ਲੇਖ ਲੜੀ ਛਪ ਰਹੀ ਹੈ ਜਿਸਦਾ ਸਿਰਲੇਖ ਹੈ ,”ਜਦੋਂ ਸਿਖ ਇਤਿਹਾਸ ਨੇ ਕਰਵਟ ਲਈ”। ਇਹ ਲੇਖ ਲੜੀ ਬੇਹੱਦ ਕਮਾਲ ਦੀ ਹੈ ਕਿਉਂਕਿ ਇਸ ਵਿਚ ਡਾ.ਸਾਹਿਬ ਨੇ ਬੜੇ ਖੁੱਲ੍ਹੇ ਦਿਲ ਨਾਲ ਉਨਾਂ ਦਿਨਾਂ ਦੇ ਵੇਰਵੇ ਦਿਤੇ ਹਨ ਕਿ ਕਿਵੇਂ ਭਾਈ ਲਾਲੋ ਦੇ ਵਾਰਿਸਾਂ ਨੇ ਮਲਿਕ ਭਾਗੋ, ਗੰਗੂ-ਚੰਦੂ ਦੇ ਵਾਰਿਸਾਂ ਨੂੰ ਸਿਧੇ ਰਾਹ ਪਾਇਆ।

ਉਸ ਲੇਖ ਲੜੀ ਦਾ ਇਹ ਹਿੱਸਾ ਪੜ੍ਹੋ-….”ਚੀਫ਼ ਖ਼ਾਲਸਾ ਦੀਵਾਨ ਨੇ 1909 ਵਿਚ ਇਕ ਵਿਸ਼ਾਲ ਦੀਵਾਨ ਜਲੰਧਰ ਵਿਖੇ ਕਰਕੇ ਅਛੂਤ ਆਖੇ ਜਾਂਦੇ ਪ੍ਰਾਣੀਆਂ ਨੂੰ ਵੱਡੀ ਗਿਣਤੀ ਵਿਚ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਸੀ। ਯੋਜਨਾ ਇਹ ਸੀ ਕਿ ਅਖੌਤੀ ਅਛੂਤ ਜਾਤੀਆਂ ਵਿਚੋਂ ਅੰਮ੍ਰਿਤ ਛਕਣ ਵਾਲੇ ਇਹ ਪ੍ਰਾਣੀ ਮਾਰਚ, 1910 ਵਿਚ ਅੰਮ੍ਰਿਤਸਰ ਵਿਖੇ ਹੋਣ ਵਾਲੀ ‘ਸਿੱਖ ਵਿੱਦਿਅਕ ਕਾਨਫਰੰਸ’ ਵਿਚ ਭਾਗ ਲੈਣ ਅਤੇ ਕਾਨਫਰੰਸ ਵਿਚ ਹਾਜ਼ਰ ਹੋਣ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੂੰ ਇਸ ਯੋਜਨਾ ਦੀ ਭਿਣਕ ਲੱਗ ਗਈ ਤਾਂ ਉਹ ਅਜਿਹਾ ਕਰਨ ਨੂੰ ‘ਪ੍ਰਚਲਤ ਸਿੱਖੀ ਰਵਾਇਤਾਂ’ ਦੀ ਉਲੰਘਣਾ ਮੰਨਦਿਆਂ ਅਜਿਹਾ ਨਾ ਹੋਣ ਦੇਣ ਉੱਤੇ ਤੁਲ ਗਏ ਸਨ। ਉਨ੍ਹੀਂ ਦਿਨੀਂ ਇਸ ਵਰਗ ਦੇ ਲੋਕਾਂ ਨੂੰ ਨਾ ਤਾਂ ਆਮ ਸਿੱਖ ਸੰਗਤ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਆਉਣ ਦੀ ਆਗਿਆ ਸੀ ਅਤੇ ਨਾ ਹੀ ਸਰੋਵਰ ਵਿਚ ਨਿਸ਼ਚਿਤ ਸਥਾਨ ਤੋਂ ਇਧਰ-ਉਧਰ ਜਾ ਕੇ ਇਸ਼ਨਾਨ ਕਰਨ ਦੀ। ਗੱਲ ਕੀ, ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀ ‘ਅਖੌਤੀ ਨੀਵੀਂਆਂ ਜਾਤਾਂ’ ਦੇ ਲੋਕਾਂ ਨੂੰ ਹੀਣ ਭਾਵਨਾ ਨਾਲ ਦੇਖਦੇ ਸਨ ਅਤੇ ਉਨ੍ਹਾਂ ਦਾ ਅੰਮ੍ਰਿਤਧਾਰੀ ਸਿੰਘ ਹੋਣਾ ਵੀ ਪੁਜਾਰੀਆਂ ਲਈ ਕੋਈ ਅਰਥ ਨਹੀਂ ਸੀ ਰੱਖਦਾ। ਦੋਵੇਂ ਧਿਰਾਂ ਆਪੋ-ਆਪਣੇ ਪੱਖ ਉੱਤੇ ਡਟੀਆਂ ਹੋਈਆਂ ਹੋਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਵਿਚ ਤਲਖ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ, ਜਿਸ ਨੂੰ ਖਾਰਜ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਫਿਰਦਾ ਸੀ। ਪਰ ਦੇਵਨੇਤ ਨਾਲ ਟਕਰਾਅ ਦੀ ਨੌਬਤ ਨਾ ਆਈ। ਕਾਰਨ? ਜਲੰਧਰ ਤੋਂ ਆਉਣ ਵਾਲੀ ਰੇਲ ਗੱਡੀ, ਜਿਸ ਵਿਚ ਜਥੇ ਨੇ ਆਉਣਾ ਸੀ, ਦੇਵਨੇਤ ਨਾਲ ਪਛੜ ਗਈ। ਇਸ ਲਈ ਜਦ ਜਥਾ ਨਿਰਧਾਰਿਤ ਸਮੇਂ ਤੋਂ ਪਛੜ ਕੇ ਅੰਮ੍ਰਿਤਸਰ ਸਟੇਸ਼ਨ ਉੱਤੇ ਪੁੱਜਾ ਤਾਂ ਜਥੇ ਦੀ ਯੋਗ ਆਓ ਭਗਤ ਕਰਨ ਉਪਰੰਤ ਇਸ ਨੂੰ ਜਲੂਸ ਦੇ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ ਲੈ ਜਾਣ ਦੀ ਥਾਂ ਸਿੱਧਾ ਹੀ ‘ਸਿੱਖ ਵਿੱਦਿਅਕ ਕਾਨਫਰੰਸ’ ਦੇ ਸਥਾਨ ਖ਼ਾਲਸਾ ਕਾਲਜ ਵੱਲ ਲਿਜਾਇਆ ਗਿਆ। ਜਥੇ ਨੂੰ ਸ੍ਰੀ ਹਰਿਮੰਦਰ ਸਾਹਿਬ ਵੱਲ ਨਾ ਲੈ ਜਾਣ ਦਾ ਫ਼ੈਸਲਾ ਲਏ ਜਾਣ ਪਿੱਛੇ ਭਾਵੇਂ ਸਮਾਗਮ ਵਿਚ ਠੀਕ ਸਮੇਂ ਉੱਤੇ ਪਹੁੰਚਣ ਦੀ ਲੋੜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਪ੍ਰਭਾਵ ਕੰਮ ਕਰ ਰਿਹਾ ਸੀ, ਪਰ ਪੁਜਾਰੀਆਂ ਨੇ ਇਸ ਨੂੰ ਆਪਣੇ ਪੈਂਤੜੇ ਦੀ ਜਿੱਤ ਆਖਿਆ। ਇਸ ਮਾਹੌਲ ਵਿਚ ਅਗਲੇ ਇਕ ਦਹਾਕੇ ਦੌਰਾਨ ਅਖੌਤੀ ਨੀਵੀਂਆਂ ਜਾਤੀਆਂ ਵਿਚੋਂ ਕੋਈ ਵੀ ਵਿਅਕਤੀ ਚਾਹੁੰਦਾ ਹੋਇਆ ਵੀ ਇਸ ਰਵਾਇਤ ਨੂੰ ਤੋੜਨ ਦਾ ਹੌਸਲਾ ਨਹੀਂ ਸੀ ਕਰ ਸਕਿਆ।” –

ਵੀਹਵੀਂ ਸਦੀ ਦੇ ਦੂਜੇ ਦਹਾਕੇ ‘ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ’ ਨਾਂਅ ਦੀ ਜਥੇਬੰਦੀ ਗੁਰੂ ਸਾਹਿਬਾਨ ਦੇ ਸੰਦੇਸ਼ ‘ਮਾਨਸ ਕੀ ਜਾਤ ਸਭੇ ਏਕਾ ਪਹਿਚਾਨਵੋ’ ਨੂੰ ਵਾਸਤਵਿਕ ਬਣਾਉਣ ਲਈ ਸਰਗਰਮ ਸੀ। ਇਸ ਸੰਸਥਾ ਦਾ ਸਦਰ ਮੁਕਾਮ ਅੰਮਿ੍ਤਸਰ ਵਿਖੇ ਸੀ ਅਤੇ ਇਸ ਦਾ ਕਰਤਾ-ਧਰਤਾ ਪ੍ਰਸਿੱਧ ਸਿੱਖ ਸੰਤ ਲਖਬੀਰ ਸਿੰਘ ਦਾ ਪੁੱਤਰ ਭਾਈ ਮਤਾਬ ਸਿੰਘ ਸੀ। ਸੰਤ ਲਖਬੀਰ ਸਿੰਘ ਦਾ ਜਨਮ ਇਕ ਮੁਸਲਮਾਨ ਪਰਿਵਾਰ ਵਿਚ ਹੋਇਆ ਸੀ ਪਰ ਇਕ ਨਿਰਮਲੇ ਸਿੱਖ ਸੰਤ ਦੇ ਆਦਰਸ਼ਕ ਜੀਵਨ ਤੋਂ ਪ੍ਰਭਾਵਿਤ ਹੋ ਕੇ ਉਹ ਸਿੱਖ ਰਹਿਤ-ਬਹਿਤ ਦੇ ਧਾਰਨੀ ਬਣ ਗਏ। ਸੰਤ ਜੀ ਦੀ ਉੱਚੀ-ਸੁੱਚੀ ਰਹਿਣੀ-ਬਹਿਣੀ ਅਤੇ ਗੁਰਮੁਖੀ ਸੋਚ ਦਾ ਫਲ ਸੀ ਕਿ ਭਾਈ ਵੀਰ ਸਿੰਘ, ਸਰਦਾਰ ਸੁੰਦਰ ਸਿੰਘ ਮਜੀਠੀਆ ਅਤੇ ਉਸ ਸਮੇਂ ਦੇ ਅਨੇਕਾਂ ਹੋਰ ਮੰਨੇ-ਦੰਨੇ ਸਿੱਖ ਉਨ੍ਹਾਂ ਦੇ ਸ਼ਰਧਾਲੂਆਂ ਵਿਚ ਸ਼ਾਮਿਲ ਸਨ। ਸੋ ਸੰਤ ਜੀ ਦੇ ਬੰਸਜ਼ ਹੋਣ ਕਾਰਨ ਸਿੱਖ ਹਲਕਿਆਂ ਵਿਚ ਭਾਈ ਮਤਾਬ ਸਿੰਘ ਦਾ ਚੋਖਾ ਪ੍ਰਭਾਵ ਸੀ। ਉਸ ਨੇ ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜੀ ਪ੍ਰਚਾਰਕਾਂ ਵੱਲੋਂ ‘ਅਖੌਤੀ ਛੋਟੀਆਂ ਜਾਤਾਂ’ ਦੇ ਸਿੱਖ ਅਨੁਯਾਈਆਂ ਨੂੰ ਆਪਣੇ ਧਰਮਾਂ ਵਿਚ ਸ਼ਾਮਿਲ ਕਰਨ ਲਈ ਲਾਈ ਹੋੜ ਦਾ ਮੁਕਾਬਲਾ ਕਰਨ ਲਈ ਇਸ ਸੰਸਥਾ ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਨੂੰ ਹੋਰਨਾਂ ਤੋਂ ਬਿਨਾਂ ਖ਼ਾਲਸਾ ਕਾਲਜ ਦੇ ਕੁਝ ਪ੍ਰੋਫੈਸਰਾਂ ਦੀ ਭਰਪੂਰ ਹਮਾਇਤ ਪ੍ਰਾਪਤ ਸੀ। ਇਸ ਸੰਸਥਾ ਵੱਲੋਂ ਆਪਣੇ ਮਨੋਰਥ ਦੇ ਪ੍ਰਚਾਰ ਲਈ ਮਿਤੀ 25, 26 ਅਤੇ 27 ਅੱਸੂ, ਸੰਮਤ 1977 ਮੁਤਾਬਿਕ 10, 11 ਅਤੇ 12 ਅਕਤੂਬਰ, 1920 ਨੂੰ ਜਲਿ੍ਹਆਂ ਵਾਲੇ ਬਾਗ ਵਿਚ ਦੀਵਾਨ ਰੱਖਿਆ ਗਿਆ। ਦੀਵਾਨ ਸਬੰਧੀ ਛਾਪੇ ਗਏ ਇਸ਼ਤਿਹਾਰ ਵਿਚ ਦੀਵਾਨ ਦੇ ਮਨੋਰਥ ਨੂੰ ਸਪੱਸ਼ਟ ਕਰਦਿਆਂ ਇਹ ਕਬਿੱਤ ਦਰਜ ਕੀਤਾ ਗਿਆ ਸੀ :

ਚੀਫ਼ ਖ਼ਾਲਸਾ ਦੀਵਾਨ, ਹੋਰ ਜਥੇ ਵੀ ਤਮਾਮ,
ਗੁਣੀ, ਗਿਆਨੀ ਆਇ ਮਿਲ ਦਰਸ ਦਿਖੌਣਗੇ।
ਜਾਤ ਦਾ ਜੋ ਭੂਤ, ਜਮਦੂਤ ਦੁਖਦਾਈ ਭਾਰਾ,
ਏਕਤਾ ਦਾ ਮੰਤਰ ਫੂਕ ਝੱਟ ਹੀ ਉਡੌਣਗੇ।
ਖ਼ਾਲਸਾ ਜੀ! ਪੰਥ ਗੁਰੂ ਦਸਮੇਂ ਦਾ ਸਾਜਿਆ ਜੋ,
ਇਸ ਦੇ ਅਕਾਲੀ ਝੰਡੇ ਹੇਠਾਂ ਸੱਭ ਨੂੰ ਲਿਔਣਗੇ।
ਰਹਿਤੀਏ, ਰਮਦਾਸੀਏ ਤੇ ਮਜ਼੍ਹਬੀ ਜੋ ਹੋਰ ਜਾਤਾਂ,
ਉਨ੍ਹਾਂ ਤਾਈਂ ਮੇਟ ਇਕੋ ਖ਼ਾਲਸਾ ਸਜੌਣਗੇ।

ਨਿਰਧਾਰਿਤ ਪ੍ਰੋਗਰਾਮ ਅਨੁਸਾਰ ਪਹਿਲੇ ਦੋ ਦਿਨ ਜਾਤ-ਪਾਤ ਨੂੰ ਮਿਟਾਉਣ ਦੇ ਪੱਖ ਵਿਚ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿ੍ੜ੍ਹ ਕਰਵਾਉਣ ਲਈ ਪ੍ਰਚਾਰ ਕੀਤਾ ਗਿਆ ਅਤੇ ਤੀਜੇ ਦਿਨ ਅਖੌਤੀ ਨੀਵੀਂਆਂ ਜਾਤਾਂ ਵਿਚੋਂ ਅੰਮਿ੍ਤ ਛਕਣ ਦੇ ਅਭਿਲਾਸ਼ੀ ਪ੍ਰਾਣੀਆਂ ਨੂੰ ਅੰਮਿ੍ਤ ਛਕਾਇਆ ਗਿਆ। ਤਦ ਉਪਰੰਤ ਇਹ ਜਨ ਸਮੂਹ ਸ੍ਰੀ ਹਰਿਮੰਦਰ ਸਾਹਿਬ ਪ੍ਰਸ਼ਾਦ ਭੇਟ ਕਰਵਾਉਣ ਦੀ ਮਨਸ਼ਾ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਰਵਾਨਾ ਹੋ ਗਿਆ। ਜਿਉਂ-ਜਿਉਂ ਇਹ ਗੱਲ ਲੋਕਾਂ ਵਿਚ ਫੈਲਦੀ ਗਈ, ਸ਼ਹਿਰੀ ਲੋਕ ਉਤਸੁਕਤਾ ਵੱਸ ਇਕੱਠੇ ਹੁੰਦੇ ਗਏ। ਕਾਰਨ ਇਹ ਸੀ ਕਿ ਪਹਿਲਾਂ ਪ੍ਰਚਲਤ ਰਵਾਇਤ ਅਨੁਸਾਰ ਪੁਜਾਰੀ ਨਾ ਤਾਂ ਇਨ੍ਹਾਂ ਵਰਗਾਂ ਦੇ ਵਿਅਕਤੀਆਂ ਪਾਸੋਂ ਕੜਾਹ ਪ੍ਰਸ਼ਾਦ ਹੀ ਲੈਂਦੇ ਸਨ ਅਤੇ ਨਾ ਹੀ ਉਨ੍ਹਾਂ ਦੀ ਅਰਦਾਸ ਕਰਦੇ ਸਨ। ਪੂਰਾ ਇਕ ਦਹਾਕਾ ਪਹਿਲਾਂ ਵੀ ਇਸ ਤਰ੍ਹਾਂ ਦਾ ਮੌਕਾ ਬਣਿਆ ਸੀ, ਜਦ ਚੀਫ਼ ਖ਼ਾਲਸਾ ਦੀਵਾਨ ਵੱਲੋਂ ਮਾਰਚ, 1910 ਵਿਚ ਜਲੰਧਰ ਵਿਖੇ ਹੋਣ ਵਾਲੀ ‘ਸਿੱਖ ਵਿੱਦਿਅਕ ਕਾਨਫਰੰਸ’ ਸਮੇਂ ਅਖੌਤੀ ਅਛੂਤ ਜਾਤੀਆਂ ਵਿਚੋਂ ਅੰਮਿ੍ਤ ਛਕਣ ਵਾਲੇ ਪ੍ਰਾਣੀਆਂ ਨੂੰ ਜਥੇ ਦੇ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ ਲੈ ਜਾਣ ਦੀ ਯੋਜਨਾ ਉਲੀਕੀ ਗਈ ਸੀ। ਪਰ ਸੰਯੋਗ ਵੱਸ ਨਵੇਂ ਸਜੇ ਸਿੰਘਾਂ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਟਲ ਗਈ ਸੀ।

ਇਸ ਮਾਹੌਲ ਵਿਚ ਅਗਲੇ ਇਕ ਦਹਾਕੇ ਦੌਰਾਨ ਅਖੌਤੀ ਨੀਵੀਂਆਂ ਜਾਤੀਆਂ ਵਿਚੋਂ ਕੋਈ ਵੀ ਵਿਅਕਤੀ ਚਾਹੁੰਦਾ ਹੋਇਆ ਵੀ ਇਸ ਰਵਾਇਤ ਨੂੰ ਤੋੜਨ ਦਾ ਹੌਸਲਾ ਨਹੀਂ ਸੀ ਕਰ ਸਕਿਆ। ਪਰ ਇਸ ਵਾਰ ਕੋਈ ਇਕ ਵਿਅਕਤੀ ਨਹੀਂ, ਇਨ੍ਹਾਂ ਜਾਤੀਆਂ ਦਾ ਸਮੂਹ, ਪੰਥ ਦੇ ਕਈ ਬੁੱਧੀਜੀਵੀਆਂ, ਜਿਨ੍ਹਾਂ ਵਿਚ ਖ਼ਾਲਸਾ ਕਾਲਜ ਦੇ ਤਿੰਨ ਪ੍ਰੋਫੈਸਰ ਤੇਜਾ ਸਿੰਘ, ਨਿਰੰਜਨ ਸਿੰਘ ਅਤੇ ਬਾਵਾ ਹਰਕਿਸ਼ਨ ਸਿੰਘ ਵੀ ਸ਼ਾਮਿਲ ਸਨ, ਦੀ ਸੰਗਤ ਵਿਚ ਸ੍ਰੀ ਹਰਿਮੰਦਰ ਸਾਹਿਬ ਵੱਲ ਜਾ ਰਿਹਾ ਸੀ। ਦੀਵਾਨ ਸਥਾਨ ਜਲਿ੍ਹਆਂ ਵਾਲਾ ਬਾਗ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਕੁਝ ਸੈਂਕੜੇ ਗਜ਼ ਦੀ ਵਿੱਥ ਹੀ ਸੀ, ਜਿਸ ਕਾਰਨ ਜਥੇ ਦਾ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ ਨਿਸ਼ਚਿਤ ਸੀ। ਇਸ ਲਈ ਹਰ ਕੋਈ ਇਹ ਜਾਣਨ ਦਾ ਇੱਛੁਕ ਸੀ ਕਿ ਅੱਜ ਪੁਜਾਰੀਆਂ ਦਾ ਵਤੀਰਾ ਕੀ ਹੋਵੇਗਾ? ਫਲਸਰੂਪ ਜਥੇ ਦੇ ਸ੍ਰੀ ਹਰਿਮੰਦਰ ਸਾਹਿਬ ਪੁੱਜਣ ਤੱਕ ਚੋਖਾ ਇਕੱਠ ਹੋ ਚੁੱਕਾ ਸੀ। ਜਥੇ ਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਉਪਰੰਤ ਵੀ ਪੁਜਾਰੀਆਂ ਨੇ ਆਪਣਾ ਵਤੀਰਾ ਨਾ ਬਦਲਿਆ।

ਉਨ੍ਹਾਂ ਨੇ ਅਖੌਤੀ ਨੀਵੀਂਆਂ ਜਾਤੀਆਂ ਵਿਚੋਂ ਅੰਮਿ੍ਤ ਛਕ ਕੇ ਸਿੰਘ ਸਜੇ ਖ਼ਾਲਸੇ ਪਾਸੋਂ ਨਾ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਕੀਤੀ ਅਤੇ ਉਨ੍ਹਾਂ ਲਈ ਅਰਦਾਸ ਕਰਨ ਤੋਂ ਵੀ ਟਾਲਾ ਵਟ ਲਿਆ। ਪਰ ਜਦ ਖਾੜਕੂ ਸਿੱਖ ਆਗੂ ਭਾਈ ਕਰਤਾਰ ਸਿੰਘ ਝੱਬਰ ਨੇ ਇਹ ਐਲਾਨ ਕਰ ਦਿੱਤਾ ਕਿ ਸ੍ਰੀ ਹਰਿਮੰਦਰ ਸਾਹਿਬ ਕਿਸੇ ਦੇ ਪਿਓ ਦਾਦੇ ਦੀ ਜਾਇਦਾਦ ਨਹੀਂ, ਇਹ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ, ਜਿਸ ਕਾਰਨ ਉਹ ਖੁਦ ਹੀ ਅਰਦਾਸ ਕਰ ਲੈਣਗੇ ਤਾਂ ਪੁਜਾਰੀ ਕੁਝ ਢਿੱਲੇ ਪੈ ਗਏ। ਇਸ ਮੌਕੇ ਦਾ ਅੱਖੀਂ ਦੇਖਿਆ ਬਿਆਨ ਪ੍ਰੋ: ਨਿਰੰਜਨ ਸਿੰਘ ਨੇ ਆਪਣੀ ਲਿਖਤ ‘ਅਕਾਲੀ ਲਹਿਰ ਦੀਆਂ ਕੁਝ ਯਾਦਾਂ’ ਵਿਚ ਇਉਂ ਕੀਤਾ ਹੈ :

‘ਸਾਰਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਕੜਾਹ ਪ੍ਰਸ਼ਾਦ ਚੜ੍ਹਾਇਆ, ਪਰ ਪੁਜਾਰੀ ਅਰਦਾਸਾ ਕਰਨ ਨੂੰ ਤਿਆਰ ਨਹੀਂ ਸੀ। ਕਹਿਣ ਲੱਗਾ : ਮਜ਼੍ਹਬੀ ਸਿੱਖਾਂ ਲਈ ਨੌ ਵਜੇ ਤੱਕ ਦਾ ਵਕਤ ਮੁਕੱਰਰ ਹੈ । ਉਹਦੇ ਪਿੱਛੋਂ ਉਨ੍ਹਾਂ ਦੀ ਅਰਦਾਸ ਨਹੀਂ ਹੋ ਸਕਦੀ। …ਬਾਵਾ ਜੀ ਨੇ ਉਠ ਕੇ ਪਹਿਲਾਂ ਪੁਜਾਰੀ ਨੂੰ ਅਤੇ ਉਹਦੇ ਪਿੱਛੋਂ ਗੁਰਬਚਨ ਸਿੰਘ ਗ੍ਰੰਥੀ ਨੂੰ , ਜੋ ਤਾਬਿਆ ਬੈਠੇ ਸਨ, ਬੜੇ ਮਿੱਠੇ ਸ਼ਬਦਾਂ ਵਿਚ ਅਪੀਲ ਕੀਤੀ ਕਿ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾ ਦਿਓ; ਪਰ ਉਹ ਨਾ ਮੰਨੇ। …ਐਨੇ ਨੂੰ ਬਾਹਰੋਂ ਜੈਕਾਰਿਆਂ ਦੀ ਆਵਾਜ਼ ਆਈ। ਕੁਝ ਛਿਨ ਵਿਚ ਸ: ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂਹੜਕਾਣਾ ਅਤੇ ਤੇਜਾ ਸਿੰਘ ਭੁੱਚਰ ਹੱਥਾਂ ਵਿਚ ਟਕੂਏ ਫੜੇ ਹੋਏ ਅੰਦਰ ਆ ਵੜੇ। …ਆਉਂਦਿਆਂ ਹੀ ਉਨ੍ਹਾਂ ਪੰਜ ਜੈਕਾਰੇ ਛੱਡੇ, ਜੀਹਦੇ ਨਾਲ ਸਾਰਾ ਸ੍ਰੀ ਹਰਿਮੰਦਰ ਸਾਹਿਬ ਗੂੰਜ ਉੱਠਿਆ ਅਤੇ ਵਾਯੂ ਮੰਡਲ ਹੀ ਬਦਲ ਗਿਆ।’

ਬਹਿਸ ਮੁਬਾਹਸੇ ਤੋਂ ਪਿੱਛੋਂ ਦੋਵਾਂ ਧਿਰਾਂ ਨੇ ਸਾਂਝਾ ਫੈਸਲਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲੈ ਲਿਆ ਜਾਵੇ ਅਤੇ ਉਸ ਦੀ ਰੌਸ਼ਨੀ ਵਿਚ ਅਗਲੀ ਕਾਰਵਾਈ ਕੀਤੀ ਜਾਵੇ। ਵਾਕ ਲਿਆ ਗਿਆ ਤਾਂ ‘ਸੋਰਠਿ ਮਹਲਾ 3 ਦੁਤਕੀ’ ਪਾਠ ਨਿਕਲਿਆ। ਇਸ ਦੀਆਂ ਪਹਿਲੀਆਂ ਪੰਕਤੀਆਂ ਇਹ ਸਨ :

ਨਿਗੁਣਿਆ ਨੋ ਆਪੇ ਬਖਸ਼ਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ॥
ਹਰਿ ਜੀਉ ਆਪੇ ਬਖਸਿ ਮਿਲਾਇ॥
ਗੁਣ ਹੀਣ ਹਮ ਅਪਰਾਧੀ ਭਾਈ ਪੂਰੇ ਸਤਿਗੁਰ ਲਏ ਰਲਾਇ॥ ਰਹਾਉ॥

ਅਰਥ ਸਪੱਸ਼ਟ ਸਨ। ਵਾਕ ਸਰਵਣ ਕਰਕੇ ਸਾਰੀ ਸੰਗਤ ਖੁਸ਼ੀ ਵਿਚ ਖੀਵੀ ਹੋ ਉੱਠੀ। ਪੁਜਾਰੀ ਵੀ ਸਮਝ ਗਏ। ਉਨ੍ਹਾਂ ਭੇਟ ਕੀਤਾ ਕੜਾਹ ਪ੍ਰਸ਼ਾਦ ਪ੍ਰਵਾਨ ਕੀਤਾ, ਅਰਦਾਸ ਕੀਤੀ ਅਤੇ ਸੀਤ ਪ੍ਰਸ਼ਾਦ ਸੰਗਤ ਵਿਚ ਵਰਤਾ ਦਿੱਤਾ।

ਸ੍ਰੀ ਹਰਿਮੰਦਰ ਸਾਹਿਬ ਵਿਚ ਚੱਲ ਰਹੇ ‘ਝਮੇਲੇ’ ਦਾ ਸ਼ੋਰ ਅਕਾਲ ਤਖ਼ਤ ਦੇ ਪੁਜਾਰੀਆਂ ਦੇ ਕੰਨਾਂ ਵਿਚ ਪਿਆ। ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਵੱਲੋਂ ਪ੍ਰਚਲਤ ਰਵਾਇਤ ਨੂੰ ਦਿੱਤੀ ਤਿਲਾਂਜਲੀ ਫੁੱਟੀ ਅੱਖ ਨਾ ਭਾਈ। ਉਹ ਖੁਦ ਕਿਸੇ ਅਜਿਹੀ ਕਾਰਵਾਈ ਵਿਚ ਭਾਗੀਦਾਰ ਨਹੀਂ ਸਨ ਬਣਨਾ ਚਾਹੁੰਦੇ, ਪਰ ਗੁਰੂ-ਵਾਕ ਅਤੇ ਜਨ ਸਮੂਹ ਦਾ ਸਾਹਮਣਾ ਕਰਨ ਦਾ ਹੌਸਲਾ ਵੀ ਉਨ੍ਹਾਂ ਵਿਚ ਨਹੀਂ ਸੀ। ਇਸ ਲਈ ਜਦ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰੋਗਰਾਮ ਨਿਪਟਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋਈ ਤਾਂ ਉੱਥੇ ਕੋਈ ਪੁਜਾਰੀ ਹਾਜ਼ਰ ਨਹੀਂ ਸੀ। ਸੰਗਤ ਨੇ ਇਕ ਸੰਦੇਸ਼ ਵਾਹਕ ਰਾਹੀਂ ਪੁਜਾਰੀਆਂ ਨੂੰ ਅਕਾਲ ਤਖ਼ਤ ਉੱਤੇ ਹਾਜ਼ਰ ਹੋਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਇਸ ਵੱਲ ਕੋਈ ਕੰਨ ਨਾ ਧਰਿਆ –

ਪੁਜਾਰੀਆਂ ਦੀ ਗ਼ੈਰ-ਹਾਜ਼ਰੀ ਦੀ ਇਤਲਾਹ ਸਰਦਾਰ ਸੁੰਦਰ ਸਿੰਘ ਸਰਬਰਾਹ ਨੂੰ ਦਿੱਤੀ ਗਈ। ਉਸ ਨੇ ਵੀ ਪੁਜਾਰੀਆਂ ਨੂੰ ਅਕਾਲ ਤਖ਼ਤ ਉੱਤੇ ਹਾਜ਼ਰ ਹੋਣ ਲਈ ਆਖਿਆ ਪਰ ਉਨ੍ਹਾਂ ਇਕੋ ਨੰਨਾ ਫੜੀ ਰੱਖਿਆ। ਇਸ ਪੜਾਅ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਚੱਲ ਰਹੀ ਕਾਰਵਾਈ ਨੂੰ ਭਾਈ ਕਰਤਾਰ ਸਿੰਘ ਝੱਬਰ ਨੇ ਆਪਣੇ ਹੱਥ ਲਿਆ। ਅੱਗੋਂ ਕੀ ਘਟਨਾਕ੍ਰਮ ਹੋਇਆ, ਇਸ ਦਾ ਬਿਆਨ ਭਾਈ ਨਰੈਣ ਸਿੰਘ ਐੱਮ. ਏ., ਜੋ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਨੂੰ ਪੰਥਕ ਕੰਟਰੋਲ ਵਿਚ ਲਏ ਜਾਣ ਉਪਰੰਤ ਉਥੇ ਲੰਮਾ ਸਮਾਂ ਮੈਨੇਜਰ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ, ਦੁਆਰਾ ਕਰਤਾਰ ਸਿੰਘ ਝੱਬਰ ਦੀ ਡਾਇਰੀ ਨੂੰ ਸੰਪਾਦਿਤ ਕਰਕੇ ਲਿਖੀ ਪੁਸਤਕ ‘ਅਕਾਲੀ ਮੋਰਚੇ ਅਤੇ ਝੱਬਰ’ ਵਿਚ ਕੀਤਾ ਗਿਆ ਹੈ। ਭਾਈ ਨਰੈਣ ਸਿੰਘ ਅਨੁਸਾਰ ਇਸ ਮੌਕੇ ਸਰਦਾਰ ਝੱਬਰ ਨੇ ਆਖਿਆ :

‘ਖ਼ਾਲਸਾ ਜੀ! ਮੈਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਹੁਕਮ ਆਇਆ ਹੈ, ਉਸ ਹੁਕਮ ਦੇ ਸੁਣਨ ਵਾਸਤੇ ਪੰਝੀ ਨੌਜਵਾਨ ਸਿੰਘ ਚਾਹੀਦੇ ਹਨ। ਇਕ ਝੱਬਰ ਤਿਆਰ ਹੈ, ਚੌਵੀ ਹੋਰ ਭਰਤੀ ਹੋਣ ਲਈ ਉੱਠੋ। ਸ਼ਰਤਾਂ ਇਹ ਹਨ :

1. ਫਾਂਸੀ ਮਿਲੇ ਤਾਂ ਹੱਸ ਕੇ ਚੜ੍ਹ ਜਾਣਾ, 2. ਜੇ ਕਾਲੇ ਪਾਣੀ ਜਾਣਾ ਪਵੇ ਜਾਂ ਜਾਇਦਾਦ ਜ਼ਬਤ ਹੋਵੇ ਤਾਂ ਖਿੜੇ ਮੱਥੇ ਪਰਵਾਨ ਕਰਨਾ, 3. ਉਮਰ ਕੈਦ ਮਿਲੇ ਤਾਂ ਪਰਵਾਨ ਕਰਨਾ।…

ਦੋ ਸਿੰਘ ਉੱਠੇ ਤਾਂ ਝੱਬਰ ਨੇ ਕਿਹਾ, ਭਾਈ ਸ਼ਰਤਾਂ ਸੁਣ ਲਈਆਂ ਹਨ ਕਾਲਾ ਪਾਣੀ, ਉਮਰ ਕੈਦ, ਫਾਂਸੀ ਆਦਿ ਪ੍ਰਵਾਨ ਹਨ? ਸਿੰਘ ਬੋਲੇ, ਜੀ ਹਾਂ ਸਭ ਕੁਝ ਪ੍ਰਵਾਨ ਹੈ। ਝੱਬਰ ਨੇ ਕਿਹਾ, ਬਹੁਤ ਅੱਛਾ, ਚੱਲੋ ਖ਼ਾਲਸਾ ਜੀ ਹੋਰ ਉੱਠੋ। …ਸਤਾਰਾਂ ਸਿੰਘ ਉੱਠੇ ਫਿਰ ਚੁੱਪ ਹੋ ਗਈ। ਇਸ ਵੇਲੇ ਦੀਵਾਨ ਵਿਚ ਬੈਠੀ ਸੰਗਤ ਤਕਰੀਬਨ 7-8 ਹਜ਼ਾਰ ਸੀ ਪਰ ਸ਼ਰਤਾਂ ਸੁਣ ਕੇ ਸਭ ਸੰਗਤ ਚੁੱਪ ਹੋ ਗਈ। ਜਿਹੜੇ ਸਿੰਘਾਂ ਨੇ ਨਾਂਅ ਲਿਖਾਏ ਸਨ, ਝੱਬਰ ਨੇ ਉਨ੍ਹਾਂ ਨੂੰ ਕਿਹਾ, ਖ਼ਾਲਸਾ ਜੀ! ਅੱਗੇ ਆ ਜਾਓ, ਦੇਰ ਹੁੰਦੀ ਹੈ। …ਉਨ੍ਹਾਂ ਨੂੰ ਤਖ਼ਤ ਸਾਹਿਬ ਦੇ ਸਾਹਮਣੇ ਖੜ੍ਹੇ ਕਰਕੇ ਝੱਬਰ ਨੇ ਅਰਦਾਸਾ ਸੋਧਿਆ, ‘ਸੱਚੇ ਪਾਤਸ਼ਾਹ ਜੀ! ਇਹ ਆਪ ਜੀ ਦੇ ਸਿੱਖ ਤਨ, ਮਨ ਅਤੇ ਧਨ ਆਪ ਜੀ ਦੇ ਸਪੁਰਦ ਕਰਦੇ ਹਨ, ਆਪਣੇ ਸੇਵਕਾਂ ਦੇ ਅੰਗ-ਸੰਗ ਰਹਿਣਾ ਤੇ ਸਹਾਇਤਾ ਕਰਨੀ ਤੇ ਸੇਵਾ ਦਾ ਬਲ ਬਖ਼ਸ਼ਣਾ। …ਝੱਬਰ ਨੇ ਭਾਈ ਮਹਿਤਾਬ ਸਿੰਘ ‘ਬੀਰ’ ਸਕੱਤਰ ਖ਼ਾਲਸਾ ਬਰਾਦਰੀ ਨੂੰ ਕਿਹਾ ਕਿ ਲਿਆਓ ਕੜਾਹ ਪ੍ਰਸ਼ਾਦ, ਤਾਂ ਕੜਾਹ ਪ੍ਰਸ਼ਾਦ ਲਿਆਂਦਾ ਗਿਆ। ਪੰਝੀ ਰੁਪਏ ਦਾ ਪ੍ਰਸ਼ਾਦ ਅਤੇ ਪੰਝੀ ਰੁਪਏ ਭੇਟਾ ਸ੍ਰੀ ਅਕਾਲ ਤਖ਼ਤ ਭੇਟ ਕੀਤੀ ਗਈ। ਅਰਦਾਸਾ ਕਰਕੇ ਪ੍ਰਸ਼ਾਦ ਵਰਤਾਇਆ ਗਿਆ।

ਪ੍ਰਸ਼ਾਦ ਲਿਆਉਣ ਦੇ ਸਮੇਂ ਵਿਚ ਝੱਬਰ ਨੇ ਫਿਰ ਕੁਝ ਲੈਕਚਰ ਕੀਤਾ, ‘ਖ਼ਾਲਸਾ ਜੀ!… ਪੁਜਾਰੀਆਂ ਦੇ ਪਾਪਾਂ ਦਾ ਬੇੜਾ ਲਬਾਲਬ ਭਰ ਗਿਆ ਸੀ, ਜੋ ਅੱਜ ਡੁੱਬ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਹੁਣ ਪੰਥ ਕਰੇਗਾ। ਤਖ਼ਤ ਸਾਹਿਬ ਦੇ ਸੇਵਕਾਂ ਦਾ ਜਥੇਦਾਰ ਵੀ ਚਾਹੀਦਾ ਹੈ। ਸੋ, ਮੈਂ ਸ੍ਰੀ ਮਾਨ ਭਾਈ ਤੇਜਾ ਸਿੰਘ ਭੁੱਚਰ ਦਾ ਨਾਂਅ ਪੇਸ਼ ਕਰਦਾ ਹਾਂ। ਇਸ ਵੇਲੇ ਭੁੱਚਰ ਜੀ ਪੁਰਾਤਨ ਸਿੰਘਾਂ ਵਾਲਾ ਗੋਲ ਤੇ ਕਾਲਾ ਦਸਤਾਰਾ ਸੀਸ ‘ਤੇ ਸਜਾਈ ਬੈਠੇ ਸਨ, ਉੱਤੇ ਚੱਕਰ ਵੀ ਸਜਾਇਆ ਹੋਇਆ ਸੀ। ਝੱਬਰ ਜੀ ਨੇ ਕਿਹਾ ਕਿ ਜਥੇਦਾਰ ਸਾਹਿਬ ਜੀ ਖੜ੍ਹੇ ਹੋ ਕੇ ਦਰਸ਼ਨ ਦਿਓ। ਆਪ ਖੜ੍ਹੇ ਹੋ ਗਏ, ਸੰਗਤਾਂ ਨੇ ਸਜੀਲੇ ਜਥੇਦਾਰ ਦੇ ਦਰਸ਼ਨ ਕਰਕੇ ਪ੍ਰਸੰਨਤਾ ਦੁਆਰਾ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ ਤੇ ਪ੍ਰਵਾਨਗੀ ਦਿੱਤੀ। ਝੱਬਰ ਹੁਰਾਂ ਨੇ ਜਥੇਦਾਰ ਸਾਹਿਬ ਨੂੰ ਕਿਹਾ ਕਿ ਹੁਣ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਜਾ ਬੈਠੋ ਅਤੇ ਜਥੇ ਦੀ ਕਮਾਨ ਸੰਭਾਲ ਲਵੋ। ਜਥੇਦਾਰ ਸਾਹਿਬ ਉੱਠ ਕੇ ਤਖ਼ਤ ਸਾਹਿਬ ‘ਤੇ ਪੁੱਜ ਗਏ। ਕੜਾਹ ਪ੍ਰਸ਼ਾਦ ਆਇਆ, ਖ਼ਾਲਸਾ ਬਰਾਦਰੀ ਦੇ ਪ੍ਰਬੰਧਕਾਂ ਨੇ ਵਰਤਾਇਆ।’ ਇਉਂ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸਿੱਖ ਸੰਗਤ ਦੇ ਹੱਥ ਆਉਣ ਪਿੱਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਹੋਣ ਦਾ ਮਾਣ ਜਥੇਦਾਰ ਤੇਜਾ ਸਿੰਘ ਭੁੱਚਰ, ਜੋ ਉਨ੍ਹੀਂ ਦਿਨੀਂ ‘ਸੈਂਟਰਲ ਖ਼ਾਲਸਾ ਮਾਝਾ ਦੀਵਾਨ’ ਦੇ ਜਥੇਦਾਰ ਸਨ, ਨੂੰ ਪ੍ਰਾਪਤ ਹੋਇਆ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS