ਕਰਮਜੀਤ ਸਿੰਘ
ਸੰਪਰਕ: (9915091063)

ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਨਾਲ ਧਾਰਮਿਕ ਹਲਕਿਆਂ ਵਿਚ ਸਿੱਖ ਸੰਸਥਾਵਾਂ ਦੇ ਮੂਲ ਖਾਸੇ ਅਤੇ ਉਹਨਾਂ ਸੰਸਥਾਵਾਂ ਦੀ ਪ੍ਰਭੂਸੱਤਾ ਅਤੇ ਖੁਦਮੁਖਤਾਰੀ ਨੂੰ ਬਹਾਲ ਕਰਨ ਲਈ ਉਮੀਦ ਦੀ ਇਕ ਕਿਰਨ ਜਰੂਰ ਜਾਗੀ ਹੈ। ਇਸ ਉਮੀਦ ਦੀ ਝਲਕ ਅਹੁਦਾ ਸੰਭਾਲਣ ਪਿਛੋਂ ਉਹਨਾਂ ਵਲੋਂ ਦਿੱਤੇ ਬਿਆਨਾਂ ਤੋਂ ਵੀ ਮਿਲਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਉਹ ਇਕ ਪਾਸੇ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਸਕੂਲਾਂ ਕਾਲਜਾਂ ਦੇ ਪ੍ਰਬੰਧ ਵਿਚ ਵੱਡੇ ਸੁਧਾਰ ਲਿਆਉਣਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਤਰਜ਼-ਏ-ਜ਼ਿੰਦਗੀ ਵਿਚ ਪਿਛਲੇ ਲੰਬੇ ਅਰਸੇ ਤੋਂ ਖਤਮ ਹੋ ਰਹੀਆਂ ਧਾਰਮਿਕ ਕਦਰਾਂ ਕੀਮਤਾਂ ਨੂੰ ਮੁੜ ਬਹਾਲ ਕਰਨ ਦੇ ਸੰਜੀਦਾ ਯਤਨ ਕਰਨਗੇ।

ਸ. ਕਰਮਜੀਤ ਸਿੰਘ
ਸ. ਕਰਮਜੀਤ ਸਿੰਘ

ਨਵੇਂ ਬਣੇ ਇਹ ਪ੍ਰਧਾਨ ਇਹ ਮਹਿਸੂਸ ਕਰਦੇ ਹਨ ਕਿ ਗੁਰੂਆਂ ਦੇ ਨਾਂ ‘ਤੇ ਕਾਇਮ ਹੋਏ ਖ਼ਾਲਸਾ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੇ ਸਿਰਾਂ ਤੋਂ ਵੱਡੀ ਪੱਧਰ ‘ਤੇ ਦਸਤਾਰਾਂ ਲੱਥ ਗਈਆਂ ਹਨ ਅਤੇ ਹਾਲਤ ਏਥੋਂ ਤਕ ਪਹੁੰਚ ਗਈ ਹੈ ਕਿ ਇਹਨਾਂ ਸਕੂਲਾਂ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕ ਸਾਹਿਬਾਨ ਨਾ ਕੇਵਲ ਸਿੱਖੀ ਜੀਵਨ ਜਾਚ ਦੀ ਸ਼ਰੇਆਮ ਉਲੰਘਣਾ ਕਰਦੇ ਹਨ ਸਗੋਂ ਅੱਜ ਕਲ੍ਹ ਉਹ ਵਿਦਿਆਰਥੀਆਂ ਦੇ ਰੋਲ-ਮਾਡਲ ਵੀ ਨਹੀਂ ਰਹੇ। ਇਸ ਉਲਝੀ ਤਾਣੀ ਨੂੰ ਸੁਲਝਾਉਣਾ ਭਾਵੇਂ ਇੰਨਾ ਆਸਾਨ ਕੰਮ ਨਹੀਂ ਹੈ, ਪਰ ਫੇਰ ਵੀ ਖ਼ਾਲਸਾ ਪੰਥ ਦੀਆਂ ਇਹਨਾਂ ਸੰਸਥਾਵਾਂ ਵਿਚ ਸਿੱਖੀ ਦਾ ਇਕ ਮਾਹੌਲ ਤਾਂ ਮੁੜ ਸਿਰਜਿਆ ਹੀ ਜਾ ਸਕਦਾ ਹੈ।

ਸਰਦਾਰ ਕਿਰਪਾਲ ਸਿੰਘ ਬਡੂੰਗਰ ਦੀ ਸਖਸ਼ੀਅਤ ਵਿਚ ਦੋ ਵੱਡੇ ਗੁਣ ਹਨ ਜੋ ਮੋਜੂਦਾ ਹਾਲਤਾਂ ਵਿਚ ਉਹਨਾਂ ਨੂੰ ਕਾਮਯਾਬੀ ਵੱਲ ਲਿਜਾ ਸਕਦੇ ਹਨ। ਇਕ, ਉਹ ਪੂਰਬੀ ਤੇ ਪੱਛਮੀ ਦੁਨੀਆ ਵਿਚ ਧਾਰਮਿਕ ਤੇ ਰਾਜਨੀਤਿਕ ਖੇਤਰ ਅੰਦਰ ਵਾਪਰ ਰਹੀਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਗੰਭੀਰਤਾ ਨਾਲ ਵੇਖਣ ਅਤੇ ਸਿੱਖ-ਜੀਵਨ ਵਿਚ ਉਹਨਾਂ ਘਟਨਾਵਾਂ ਦੇ ਪੈ ਰਹੇ ਅਤੇ ਪੈਣ ਵਾਲੇ ਪ੍ਰਭਾਵਾਂ ਦਾ ਡੂੰਘਾ ਵਿਸ਼ਲੇਸ਼ਣ ਅਕਸਰ ਹੀ ਕਰਦੇ ਰਹਿੰਦੇ ਹਨ। ਸਾਹਿਤ ਤੇ ਰਾਜਨੀਤੀ ਦੇ ਖੇਤਰ ਵਿਚ ਪੰਜਾਬ ਅੰਦਰ ਕੀ ਕੁਝ ਵਾਪਰ ਰਿਹਾ ਹੈ ਅਤੇ ਇਹਨਾਂ ਰੁਝਾਨਾਂ ਨੂੰ ਸਿੱਖੀ ਦੇ ਨਜ਼ਰੀਏ ਤੋਂ ਕਿਹੜੀਆਂ ਕਿਹੜੀਆਂ ਨਵੀਂਆਂ ਦਿਸ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ਉਹ ਇਹਨਾਂ ਬਾਰੇ ਸੁਚੇਤ ਅਤੇ ਸਰਗਰਮ ਵੀ ਹਨ ਅਤੇ ਯੋਗ ਹੱਲ ਵੀ ਤਲਾਸ਼ਦੇ ਰਹਿੰਦੇ ਹਨ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਉਹ ਅੰਗਰੇਜ਼ੀ ਸਾਹਿਤ ਦੇ ਪੋਸਟ ਗ੍ਰੈਜੁਏਟ ਤਾਂ ਹਨ ਹੀ ਪਰ ਨਾਲ ਹੀ ਉਹਨਾਂ ਨੇ ਪੱਛਮ ਦੀ ਦੁਨੀਆ ਦੇ ਗੰਭੀਰ ਸਾਹਿਤ ਦਾ ਡੂੰਘਾ ਅਧਿਐਨ ਵੀ ਕੀਤਾ ਹੋਇਆ ਹੈ। ਏਥੇ ਇਹ ਜਾਣਕਾਰੀ ਦੱਸਣ ਦੀ ਵੀ ਲੋੜ ਹੈ ਕਿ ਸਾਡੇ ਸਮਿਆਂ ਦੇ ਮਹਾਨ ਵਿਦਵਾਨ ਅਤੇ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਨੂੰ ਉਹਨਾਂ ਦਿਲ ਦੀਆਂ ਗਹਿਰਾਈਆਂ ਤਕ ਜਾਣਿਆ, ਪੜਿਆ ਤੇ ਸਮਝਿਆ ਹੈ। ਦੂਜਾ ਗੁਣ ਇਹ ਹੈ ਕਿ ਉਹ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਹਨ ਜਦਕਿ ਹੁਣ ਇਹ ਸਾਦਗੀ ਨਾ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਕਲਚਰ ਵਿਚ ਸ਼ਾਮਿਲ ਹੈ ਤੇ ਨਾ ਹੀ ਉਹਨਾਂ ਦੇ ਧਾਰਮਿਕ ਜੀਵਨ ਵਿਵਹਾਰ ਦਾ ਹਿੱਸਾ ਰਹਿ ਗਈ ਹੈ।

ਉਹ ਸਭ ਤੋਂ ਵੱਡਾ ਮਸਲਾ ਕਿਹੜਾ ਹੋ ਸਕਦਾ ਹੈ ਜਿਸ ਦੇ ਹੱਲ ਲਈ ਸ. ਕਿਰਪਾਲ ਸਿੰਘ ਬਡੂੰਗਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਇਹ ਮਾਮਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਦਾ ਹੈ, ਜਿਸ ਨੇ ਜਥੇਦਾਰ ਦੇ ਇਤਿਹਾਸਿਕ ਰੁਤਬੇ ਅਤੇ ਸ਼ਾਨ ਨੂੰ ਇਸ ਹੱਦ ਤਕ ਨੀਵਾਂ ਕਰ ਦਿੱਤਾ ਕਿ ਸਿੱਖ ਇਤਿਹਾਸ ਵਿਚ ਇਹੋ ਜਿਹੀ ਬਦਨਾਮ ਮਿਸਾਲ ਘੱਟ ਹੀ ਮਿਲੇਗੀ। ਚੱਬਾ ਵਿਚ ਹੋਏ ਸਰਬੱਤ ਖ਼ਾਲਸਾ ਦੇ ਵਿਸ਼ਾਲ ਇਕੱਠ ਨੇ ਪਿਛਲ਼ੇ ਸਾਲ 10 ਨਵੰਬਰ ਵਾਲੇ ਦਿਨ ਬੇਮਿਸਾਲ ਹੁੰਗਾਰੇ ਦੇ ਮਾਹੌਲ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਸ ਮਹਾਨ ਤਖ਼ਤ ਦਾ ਜਥੇਦਾਰ ਪਹਿਲਾਂ ਹੀ ਸਥਾਪਿਤ ਕਰ ਦਿੱਤਾ ਹੋਇਆ ਹੈ। ਸਾਡੇ ਸਾਹਮਣੇ ਇਕ ਮਿਸਾਲ ਇਹ ਹੈ ਕਿ ਭਾਈ ਰਣਜੀਤ ਸਿੰਘ ਨੂੰ ਜੇਲ੍ਹ ਦੇ ਸਮੇਂ ਦੌਰਾਨ ਹੀ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ ਸੀ ਅਤੇ ਭਾਈ ਮਨਜੀਤ ਸਿੰਘ ਨੂੰ ਉਨ੍ਹਾਂ ਦੀ ਰਿਹਾਈ ਤਕ ਐਕਟਿੰਗ ਜਥੇਦਾਰ ਥਾਪਿਆ ਗਿਆ ਸੀ। ਸਮੁੱਚੇ ਪੰਥ ਨੇ ਇਸ ਫੈਂਸਲੇ ਨੂੰ ਮਾਨਤਾ ਦਿੱਤੀ ਸੀ। ਇਸੇ ਮਿਸਾਲ ਨੂੰ ਸਾਹਮਣੇ ਰੱਖ ਕੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਸਵਿਕਾਰ ਕਰਨ ਨਾਲ ਸਿੱਖ ਪੰਥ ਵਿਚ ਏਕਤਾ ਦੀ ਇਕ ਨਵੀਂ ਤੇ ਯਾਦਗਾਰੀ ਮਿਸਾਲ ਕਾਇਮ ਕੀਤੀ ਜਾ ਸਕਦੀ ਹੈ। ਇਸ ਮਨੋਰਥ ਲਈ ਸ. ਕਿਰਪਾਲ ਸਿੰਘ ਬਡੂੰਗਰ ਨੂੰ ਸਾਰੀਆਂ ਸਬੰਧਿਤ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੋਜੂਦਾ ਹਾਲਤਾਂ ਵਿਚ ਜਿਵੇਂ ਪੰਥਕ ਸਫਾਂ ਅਤੇ ਪੰਥਕ ਲੀਡਰਸ਼ਿਪ ਵਿਚ ਕੁੜਿਤਣ, ਬੇਵਿਸ਼ਵਾਸੀ ਅਤੇ ਹੰਕਾਰ ਦਾ ਮਾਹੌਲ ਚਾਰੇ ਪਾਸੇ ਸਿਖਰ ਨੂੰ ਪਹੁੰਚ ਚੁੱਕਾ ਹੈ, ਉਸ ਹਾਲਤ ਵਿਚ ਬਡੂੰਗਰ ਸਾਹਿਬ ਆਪਣੀ ਕੂਟਨੀਤਿਕ ਸਿਆਣਪ, ਅਨੁਭਵ ਅਤੇ ਤਜ਼ਰਬੇ ਦੀ ਵਰਤੋਂ ਕਰਕੇ ਇਸ ਬਿਖਮ ਕਾਰਜ ਨੂੰ ਸਫਲਤਾ ਤਹਿਤ ਸਿਰੇ ਚਾੜ੍ਹ ਸਕਦੇ ਹਨ। ਹੁਣ ਭਾਈ ਜਗਤਾਰ ਸਿੰਘ ਹਵਾਰਾ ਕਿਉਂਕਿ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ, ਇਸ ਲਈ ਐਕਟਿੰਗ ਜਥੇਦਾਰ ਦੀ ਨਿਯੁਕਤੀ ਸਹਿਜੇ ਹੀ ਹੋ ਸਕਦੀ ਹੈ।

ਇਹ ਗੱਲ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ ਦੀਆਂ ਕੁਝ ਪਰਤਾਂ ਵਿਚ ਇਹੋ ਜਿਹੇ ਵਿਅਕਤੀ ਘੁਸਪੈਠ ਕਰ ਗਏ ਹਨ ਜਿਨ੍ਹਾਂ ਦੇ ਆਰ.ਐਸ.ਐਸ ਨਾਲ ਸਿੱਧੇ ਤੇ ਅਸਿੱਧੇ ਸਬੰਧ ਹਨ। ਹੁਣ ਇਹ ਪਤਾ ਕਰਨ ਦਾ ਸਮਾਂ ਆ ਗਿਆ ਹੈ ਕਿ ਸਿਰਸਾ ਦੇ ਡੇਰਾ ਮੁਖੀ ਨੂੰ ਮੁਆਫ ਕਰਨ ਪਿੱਛੇ ਪੰਥ ਦੇ ਅੰਦਰ ਤੇ ਬਾਹਰ ਕਿਹੜੀਆਂ ਤਾਕਤਾਂ ਰੋਲ ਅਦਾ ਕਰ ਰਹੀਆਂ ਸਨ। ਇਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਚਾਹੀਦੀ ਹੈ। ਜਾਪਦਾ ਤਾਂ ਇਹ ਹੈ ਕਿ ਸ. ਕਿਰਪਾਲ ਸਿੰਘ ਬਡੂੰਗਰ ਫਿਲਹਾਲ ਇਸ ਤਰ੍ਹਾਂ ਦਾ ਹੌਂਸਲਾ ਜਾ ਜੁਰਅਤ ਨਹੀਂ ਕਰ ਸਕਣਗੇ ਕਿਉਂਕਿ ਜਿਹਨਾਂ ਨੇ ਉਹਨਾਂ ਨੂੰ ਭਾਵੇਂ ਮਜ਼ਬੂਰੀ ਵਿਚ ਹੀ ਇਸ ਅਹੁਦੇ ‘ਤੇ ਲਿਆਂਦਾ ਹੈ ਉਹ ਇਹ ਚਾਹੁਣਗੇ ਕਿ ਇਹ ਰਾਜ਼, ਰਾਜ਼ ਹੀ ਬਣੇ ਰਹਿਣ।

ਸ. ਕਿਰਪਾਲ ਸਿੰਘ ਬਡੂੰਗਰ ਵਿਚ ਇਕ ਗੁਣ ਇਹ ਵੀ ਹੈ ਕਿ ਉਹ ਸਾਰੇ ਦਬਾਵਾਂ ਦੇ ਬਾਵਜੂਦ ਸਿਧਾਂਤਾਂ ਦੇ ਸਵਾਲ ‘ਤੇ ਸਮਝੌਤਾ ਨਹੀਂ ਕਰਦੇ ਅਤੇ ਆਪਣੀ ਅਜ਼ਾਦਾਨਾ ਰਾਏ ਰੱਖ ਦਿੰਦੇ ਹਨ। ਅਜਿਹਾ ਉਹਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਆਪਣੇ ਪਿਛਲੇ ਕਾਰਜਕਾਲ ਦੌਰਾਨ ਲਾਗੂ ਕਰਕੇ ਵੀ ਸਾਬਿਤ ਕੀਤਾ ਸੀ। ਇਕ ਹੋਰ ਵੱਡੇ ਕਾਰਜ ਨੂੰ ਸਿਰੇ ਚਾੜ੍ਹਨ ਦੀ ਵੀ ਉਹਨਾਂ ਤੋਂ ਉਮੀਦ ਕੀਤੀ ਜਾ ਰਹੀ ਹੈ। ਉਹ ਇਹ ਹੈ ਕਿ ਚੰਡੀਗੜ੍ਹ ਵਿਚ ਇਕ ਵੱਡੀ ਗੁਰਮਤਿ ਲਾਇਬਰੇਰੀ ਕਾਇਮ ਕੀਤੀ ਜਾਵੇ। ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤਕ ਇਕ ਵੀ ਅਜਿਹੀ ਲਾਇਬਰੇਰੀ ਨਹੀਂ ਜਿੱਥੇ ਤੁਹਾਨੂੰ ਇਕੋ ਥਾਂ ‘ਤੇ ਗੁਰਮਤਿ ਦੀਆਂ ਪੁਸਤਕਾਂ ਦਾ ਵੱਡਾ ਭੰਡਾਰ ਮਿਲ ਸਕੇ, ਜਿੱਥੇ ਗੁਰਮਤਿ ਨਾਲ ਜੁੜੇ ਖੋਜਾਰਥੀ ਅਤੇ ਵੱਡੇ ਵਿਦਵਾਨ ਇਸ ਦਾ ਫਾਇਦਾ ਚੁੱਕ ਸਕਣ। ਸੈਕਟਰ 44 ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿਸ਼ਾਲ ਕੰਪਲੈਕਸ ਵਿਚ ਗੁਰਮਤਿ ਲਾਇਬਰੇਰੀ ਦੀ ਸਥਾਪਨਾ ਉੱਤਰੀ ਭਾਰਤ ਦੇ ਖਿੱਤੇ ਵਿਚ ਇਕ ਇਤਿਹਾਸਕ ਯਾਦਗਾਰ ਬਣ ਸਕਦੀ ਹੈ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS