1947: ਲਹਿੰਦੇ ਪੰਜਾਬ ਤੋਂ ਉੱਜੜ ਕੇ ਆਉਂਦੇ ਹੋਏ ਸਿੱਖ ਪਰਿਵਾਰ

ਸੁਖਵਿੰਦਰ ਸਿੰਘ
ਸੰਪਰਕ: (9855275681)

1 ਨਵੰਬਰ, 2016 ਨੂੰ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਮੋਜੂਦਾ ਸਮੇਂ ਪੰਜਾਬ ਦੀ ਸੱਤਾ ‘ਤੇ ਕਾਬਜ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਸਬੰਧੀ ਵੱਡੇ ਪੱਧਰ ‘ਤੇ ਜਸ਼ਨਾਂ ਦੇ ਸਮਾਗਮ ਕੀਤੇ ਜਾ ਰਹੇ ਹਨ। ਜਦਕਿ ਅਜ਼ਾਦ ਸਿੱਖ ਰਾਜ ਦੀ ਰਾਜਨੀਤੀ ਦੀ ਨੁਮਾਂਇੰਦਗੀ ਕਰਦੀ ਪਾਰਟੀ ਦਲ ਖ਼ਾਲਸਾ ਵਲੋਂ ਸਰਕਾਰੀ ਜਸ਼ਨਾਂ ਦੇ ਬਰਾਬਰ ਇਸ ਦਿਨ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਦਰਸ਼ਨ ਸਿੰਘ ਫੇਰੂਮਾਨ ਦੇ ਪਿੰਡ ਫੇਰੂਮਾਨ ਵਿਖੇ ਕਾਨਫਰੰਸ ਕਰਕੇ ਭਾਰਤ ਵਲੋਂ ਪੰਜਾਬ ਨਾਲ ਬੀਤੇ 50 ਵਰ੍ਹਿਆਂ ਵਿਚ ਕੀਤੇ ਧੋਖਿਆਂ ਅਤੇ ਜ਼ੁਲਮਾਂ ਦੀ ਲਿਸਟ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲ਼ੀ ਦਲ ਪੰਜਾਬੀ ਸੂਬਾ ਬਣਨ ਨੂੰ ਆਪਣੀ ਵੱਡੀ ਇਤਿਹਾਸਕ ਪ੍ਰਾਪਤੀ ਦੱਸ ਕੇ ਲਾਹਾ ਲੈਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ, ਜਿਸ ਦਾ ਵਿਰੋਧੀ ਪਾਰਟੀਆਂ ਕਾਂਗਰਸ ਅਤੇ ‘ਆਪ’ ਵਲੋਂ ਸ਼ਬਦੀ ਬਾਣਾਂ ਜਰੀਏ ਵਿਰੋਧ ਵੀ ਕੀਤਾ ਜਾ ਰਿਹਾ ਹੈ। ਦਲ ਖ਼ਾਲਸਾ ਦਾ ਕਹਿਣਾ ਹੈ ਕਿ ਇਨ੍ਹਾਂ 50 ਵਰ੍ਹਿਆਂ ਵਿਚ ਪੰਜਾਬ ਲਈ ਅਜਿਹਾ ਕੁਝ ਨਹੀਂ ਵਾਪਰਿਆ ਜਿਸ ਦੇ ਜਸ਼ਨ ਮਨਾਏ ਜਾਣ ਤੇ ਇਸ ਦਿਨ ਮਨਾਏ ਜਾਣ ਵਾਲੇ ਜਸ਼ਨ ਪੰਜਾਬੀ ਸੂਬਾ ਮੋਰਚੇ ਦੇ ਸ਼ਹੀਦਾਂ ਦਾ ਨਿਰਾਦਰ ਕਰਨ ਬਰਾਬਰ ਹੈ।

ਇਸ ਸਭ ਦੇ ਦਰਮਿਆਨ ਆਓ ਅਸੀਂ ਝਾਤ ਮਾਰਦੇ ਹਾਂ ਕਿ ਪੰਜਾਬੀ ਸੂਬਾ ਕਿਨ੍ਹਾਂ ਹਾਲਾਤਾਂ ਵਿਚ ਬਣਿਆ ਅਤੇ ਇਨ੍ਹਾਂ 50 ਵਰ੍ਹਿਆ ਵਿਚ ਇਸ ਸੂਬੇ ਨੇ ਕੀ ਖੱਟਿਆ ਅਤੇ ਕੀ ਗਵਾਇਆ। ਇਸ ਸਬੰਧੀ ਅਸੀਂ ਇਕ ਲੜੀ ਪ੍ਰਕਾਸ਼ਿਤ ਕਰਨ ਜਾ ਰਹੇ ਹਾਂ ਤੇ ਰੋਜਾਨਾ ਇਕ ਲੇਖ ਲੜੀਵਾਰ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰਾਂਗੇ।

1947 ਵਿਚ ਅੰਗਰੇਜਾਂ ਦੇ ਵਾਪਿਸ ਜਾਣ ਤੋਂ ਬਾਅਦ ਹਿੰਦੁਸਤਾਨ ਅਤੇ ਪਾਕਿਸਤਾਨ ਨਾਂ ਦੇ ਦੋ ਦੇਸ਼ ਹੋਂਦ ਵਿਚ ਆਏ। ਸੌਖੇ ਸ਼ਬਦਾਂ ਵਿਚ ਹਿੰਦੂਆਂ ਨੂੰ ਹਿੰਦੁਸਤਾਨ ਮਿਲਿਆ ਤੇ ਮੁਸਲਮਾਨਾਂ ਨੂੰ ਪਾਕਿਸਤਾਨ। ਧਰਤੀ ਦੇ ਇਸ ਖਿੱਤੇ ਉੱਤੇ ਜਿਸਨੂੰ ਭਾਰਤੀ ਉਪਮਹਾਂਦੀਪ ਕਹਿੰਦੇ ਹਨ, ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਕੌਮਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਰਾਜ ਰਿਹਾ ਸੀ। ਪਰ ਇਨ੍ਹਾਂ ਤੋਂ ਇਲਾਵਾ ਇਸ ਖਿੱਤੇ ਵਿਚ ਰਾਜ ਦੀ ਤੀਜੀ ਦਾਅਵੇਦਾਰ ਸਿੱਖ ਕੌਮ ਨੂੰ ਜੇ ਕੁਝ ਮਿਲਿਆ ਤਾਂ ਸਿਰਫ ਉਜਾੜਾ। ਸਿੱਖ ਆਗੂਆਂ ਨੇ ਆਪਣੀ ਕਿਸਮਤ ਨੂੰ ਹਿੰਦੂ ਆਗੂਆਂ ਨਾਲ ਜੋੜਿਆ ਪਰ ਹਿੰਦੂ ਆਗੂ ਆਪਣੇ ਵਾਅਦਿਆਂ ‘ਤੇ ਖਰੇ ਨਾ ਉਤਰੇ। ਵਿਦਵਾਨਾਂ ਦੇ ਕਥਨਾਂ ਅਨੁਸਾਰ ਉਸ ਸਮੇਂ ਦੇ ਹਿੰਦੂ ਆਗੂ ਪੰਡਿਤ ਜਵਾਹਰਲਾਲ ਨਹਿਰੂ, ਵੱਲਭ ਭਾਈ ਪਟੇਲ ਆਦਿ ਨਹੀਂ ਚਾਹੁੰਦੇ ਸਨ ਕਿ ਸਿੱਖਾਂ ਦੇ ਹੱਥ ਕਿਸੇ ਵੀ ਪ੍ਰਕਾਰ ਦੀ ਰਾਜਨੀਤਿਕ ਤਾਕਤ ਆਵੇ। ਇਸੇ ਸੋਚ ਤਹਿਤ ਜਦੋਂ ਭਾਰਤ ਵਿਚ ਬੋਲੀ ਦੇ ਅਧਾਰ ‘ਤੇ ਸੂਬੇ ਬਣਾਏ ਜਾ ਰਹੇ ਸਨ ਤਾਂ ਪੰਜਾਬੀ ਬੋਲੀ ਦੇ ਅਧਾਰ ‘ਤੇ ਸੂਬਾ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ।

1951 ਵਿਚ ਹਿੰਦੁਸਤਾਨ ਦਾ ਨਕਸ਼ਾ
1951 ਵਿਚ ਹਿੰਦੁਸਤਾਨ ਦਾ ਨਕਸ਼ਾ

1947 ਤੋਂ ਬਾਅਦ ਹਿੰਦੁਸਤਾਨ ਹੇਠਲੇ ਪੰਜਾਬ (ਅੱਜ ਦੇ ਸਮੇਂ ਦਾ ਮੋਜੂਦਾ ਪੰਜਾਬ, ਹਰਿਆਣਾ, ਹਿਮਾਚਲ ਦੇ ਕੁਝ ਹਿੱਸੇ ਅਤੇ ਚੰਡੀਗੜ੍ਹ) ਵਿਚ ਹਿੰਦੂ ਬਹੁਗਿਣਤੀ ‘ਚ ਸਨ ਪਰ ਉਜਾੜੇ ਦਾ ਸ਼ਿਕਾਰ ਹੋਣ ਕਰਕੇ ਸਿੱਖ ਵੀ ਵੱਡੀ ਗਿਣਤੀ ਵਿਚ ਇਸ ਖਿੱਤੇ ‘ਚ ਇਕੱਠੇ ਹੋ ਗਏ ਸਨ। ਉਸ ਪੰਜਾਬ ਵਿਚ ਹਿੰਦੀ ਬੋਲਦੇ ਇਲਾਕੇ ਵੀ ਸ਼ਾਮਿਲ ਸਨ, ਜਿਨ੍ਹਾਂ ਦੀ ਬਹੁਗਿਣਤੀ ਵਸੋਂ ਹਿੰਦੂ ਸੀ। ਸਿੱਖ ਆਗੂਆਂ ਨੂੰ ਲੱਗਦਾ ਸੀ ਕਿ ਬੋਲੀ ਦੇ ਅਧਾਰ ‘ਤੇ ਪੰਜਾਬ ਸੂਬਾ ਬਣਨ ਨਾਲ ਸਿੱਖ ਉਸ ਸੂਬੇ ਅੰਦਰ ਬਹੁਗਿਣਤੀ ਵਿਚ ਆ ਜਾਣਗੇ ਜਿਸ ਨਾਲ ਵੋਟਾਂ ਦੀ ਰਾਜਨੀਤੀ ‘ਚ ਸਿੱਖਾਂ ਨੂੰ ਕੋਈ ਰਾਜਨੀਤਿਕ ਤਾਕਤ ਮਿਲ ਸਕਦੀ ਸੀ। ਪਰ ਹਿੰਦੁਸਤਾਨ ਦੇ ਹੁਕਮਰਾਨ ਹਿੰਦੂ ਆਗੂ ਵੀ ਸਿੱਖ ਆਗੂਆਂ ਦੀ ਇਸ ਸੋਚ ਤੋਂ ਜਾਣੂ ਸਨ ਤੇ ਉਹ ਸਿੱਖਾਂ ਨੂੰ ਕੋਈ ਰਾਜਨੀਤਿਕ ਤਾਕਤ ਨਹੀਂ ਦੇਣਾ ਚਾਹੁੰਦੇ ਸਨ। ਇਸ ਲਈ ਜਦੋਂ ਹਿੰਦੁਸਤਾਨ ਵਿਚ ਬੋਲੀ ਦੇ ਅਧਾਰ ‘ਤੇ ਸੂਬੇ ਵੰਡੇ ਗਏ ਤਾਂ ਪੰਜਾਬੀ ਬੋਲੀ ਦੇ ਅਧਾਰ ‘ਤੇ ਸੂਬਾ ਬਣਾਉਣਾ ਪ੍ਰਵਾਨ ਨਹੀਂ ਕੀਤਾ ਗਿਆ।

ਅਜ਼ਾਦ ਹਿੰਦੁਸਤਾਨ ਅੰਦਰ 1953 ਵਿਚ ਬੋਲੀ ਦੇ ਅਧਾਰ ‘ਤੇ ਸਭ ਤੋਂ ਪਹਿਲਾ ਸੂਬਾ ਆਂਧਰਾ ਪ੍ਰਦੇਸ਼ ਹੋਂਦ ਵਿਚ ਆਇਆ। ਇਸ ਤੋਂ ਬਾਅਦ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਦਸੰਬਰ 1953 ਵਿਚ ਸੁਪਰੀਮ ਕੋਰਟ ਦੇ ਸੇਵਾਮੁਕਤ ਮੁੱਖ ਜੱਜ ‘ਫੈਜ਼ਲ ਅਲੀ’ ਦੀ ਅਗਵਾਈ ਵਿਚ ‘ਸਟੇਟ ਰੀਓਰਗਨਾਇਜ਼ੇਸ਼ਨ ਕਮਿਸ਼ਨ’ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ‘ਫੈਜ਼ਲ ਅਲੀ ਕਮਿਸ਼ਨ’ ਵਲੋਂ 30 ਸਤੰਬਰ 1955 ਨੂੰ ਪੇਸ਼ ਕੀਤੀ ਗਈ ਰਿਪੋਰਟ ਤੋਂ ਬਾਅਦ 31 ਅਗਸਤ, 1956 ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਨੇ ‘ਸਟੇਟ ਰੀਓਰਗਨਾਇਜ਼ੇਸ਼ਨ ਐਕਟ’ ਪਾਸ ਕਰ ਦਿੱਤਾ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਬੋਲੀ ਦੇ ਅਧਾਰ ‘ਤੇ ਸੂਬਿਆਂ ਦੀ ਵੰਡ ਕੀਤੀ ਗਈ।

ਪਰ ਜਦੋਂ ਪੰਜਾਬੀ ਬੋਲੀ ਦੇ ਅਧਾਰ ‘ਤੇ ਸੂਬਾ ਬਣਾਉਣ ਤੋਂ ਹਿੰਦੁਸਤਾਨੀ ਹੁਕਮਰਾਨ ਮੁਨਕਰ ਹੋ ਗਏ ਤਾਂ ਸਿੱਖ ਆਗੂਆਂ ਕੋਲ ਇਕ ਹੀ ਰਾਹ ਬਚਿਆ, ਉਹ ਸੀ ਸੰਘਰਸ਼ ਦਾ। (ਚਲਦਾ)

ਨੋਟ: ਅਗਲੀ ਕਿਸ਼ਤ ਕੱਲ੍ਹ 26-10-2016 ਨੂੰ ਸਵੇਰੇ ਛਾਪੀ ਜਾਵੇਗੀ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS