ਲੇਖਕ: ਨਰਿੰਦਰਪਾਲ ਸਿੰਘ

ਪਿਛਲੀ ਕਿਸ਼ਤ ਪੜ੍ਹਨ ਲਈ ਕਲਿਕ ਕਰੋ:
ਨਾਵਲ: ਖੰਨ੍ਹਿਉ ਤਿਖੀ (ਕਿਸ਼ਤ-17)

ਯੁੱਧ-ਇਤਿਹਾਸ ਦਾ ਅਧਿਐਨ ਕਰਦਿਆਂ ਪਤਾ ਲਗੇਗਾ ਕਿ ਲੜਾਈਆਂ ਦੀ ਜਿੱਤ ਜਾਂ ਹਾਰ ਵਿਚ ਜਿੰਨਾ ਹੱਥ ਸੈਨਾਪਤੀਆਂ ਤੇ ਫੌਜਾਂ ਦਾ ਹੁੰਦਾ ਹੈ ਓਨਾਂ ਹੀ ਹੱਥ ਹੋਣੀ ਦਾ ਵੀ ਹੁੰਦਾ ਹੈ। ਬੇਮੌਸਮੀ ਬਾਰਸ਼, ਆਮ ਨਾਲੋਂ ਅਧਿਕ ਸਰਦੀ ਜਾਂ ਗਰਮੀ, ਬੇਵਕਤੇ ਹੜ੍ਹ, ਇਹ ਸਭ ਲੜਾਈ ਦਾ ਪਲੜਾ ਇਕ ਜਾਂ ਦੂਜੇ ਪਾਸੇ ਭਾਰਾ ਕਰ ਸਕਦੇ ਹਨ।

ਇਹਨਾਂ ਕੁਦਰਤੀ ਕਾਰਨਾਂ ਅਗੇ ਸੈਨਾਪਤੀ ਦੀ ਅਕਲ ਤੇ ਸਿਆਣਪ ਕੰਮ ਨਹੀਂ ਕਰਦੀ। ਉਹਦੀਆਂ ਚਾਲਾਂ ਮੌਸਮੀ ਤਬਦੀਲੀਆਂ ਨੂੰ ਮੁਖ ਰਖ ਕੇ ਘੜੀਆਂ ਜਾਂਦੀਆਂ ਹਨ। ਉਹਦੀਆਂ ਸਕੀਮਾਂ ਵਿਚ, ਜਿਵੇਂ ਵਰ੍ਹਿਆਂ ਤੋਂ ਜ਼ਮੀਨ ਪੱਧਰੀ ਜਾਂ ਪਹਾੜੀ ਰਹੀ ਹੈ, ਜਿਵੇਂ ਸਦੀਆਂ ਤੋਂ ਨਦੀਆਂ ਤੇ ਨਾਲੇ ਭਰਦੇ ਘਟਦੇ ਆਏ ਹਨ, ਜਿਵੇਂ ਹਜ਼ਾਰਾਂ ਸਾਲਾਂ ਤੋਂ ਧੁੱਪ ਜਾਂ ਮੀਂਹ ਜਾਂ ਬਰਫ਼ ਪੈਂਦੀ ਆਈ ਹੈ, ਇਹਨਾਂ ਸਭ ਚੀਜ਼ਾਂ ਨੂੰ ਇਸ ਤਰ੍ਹਾਂ ਹੀ ਸਮੇਂ ਦੇ ਚੌਖਟੇ ਸਾਹਵੇਂ ਰਖ ਕੇ ਪੜਤਾਲਿਆ ਗਿਆ ਹੁੰਦਾ ਹੈ।

ਪਰ ਕਈ ਵਾਰ ਸਮਾਂ ਹਾਰ ਦੇ ਜਾਂਦਾ ਹੈ, ਵਰ੍ਹੇ ਝੁਠਲਾਏ ਜਾਂਦੇ ਹਨ ਤੇ ਕੁਦਰਤ ਇਕ ਬੜੀ ਨਵੀਂ ਤੇ ਅਨੋਖੀ ਹਾਲਤ ਸੈਨਾਪਤੀ ਦੇ ਸਾਹਮਣੇ ਲਿਆ ਰਖਦੀ ਹੈ। ਚੰਗੇ ਸੈਨਾਪਤੀ ਆਪਣੀ ਪ੍ਰਤਿਭਾ ਨਾਲ ਔੜ ਤੌੜ ਕਰ ਕੇ ਬੜਾ ਕੁਝ ਬਚਾ ਲੈਂਦੇ ਹਨ ਪਰ ਫਿਰ ਵੀ ਇਨ੍ਹਾਂ ਕੁਦਰਤੀ ਵਧੀਕੀਆਂ ਦੇ ਨਤੀਜੇ ਬੜੇ ਮਹੱਤਵ ਪੂਰਨ ਨਿਕਲਦੇ ਹਨ। ਜਿੱਤੀਆਂ ਸਲਤਨੱਤਾਂ ਹਾਰ ਜਾਂਦੀਆਂ ਹਨ, ਹਾਰੀਆਂ ਸੈਨਾਵਾਂ ਪਲੋ ਪਲੀ ਬੱਚ ਨਿਕਲਦੀਆਂ ਹਨ ਤੇ ਸਮਾਂ ਪਾ ਕੇ ਉਹਨਾਂ ਵਾਸਤੇ ਜਿੱਤਣਾ ਸੰਭਵ ਹੋ ਜਾਂਦਾ ਹੈ।

ਬੰਦਾ ਸਿੰਘ ਬਹਾਦਰ ਸਹਾਰਨਪੁਰ ਤੋ ਨੌਨੇਤੇ ਨੂੰ ਜਿੱਤ ਕੇ ਜਲਾਲਬਾਦ ਤਕ ਪਹੁੰਚ ਚੁਕਾ ਸੀ। ਉਥੋਂ ਦਿੱਲੀ ਮਸੇਂ ਸੌ ਮੀਲ ਦੀ ਵਿੱਥ ਉੱਪਰ ਸੀ। ਦਿੱਲੀ, ਮੁਗਲੀਹਾ ਸਲਤਨੱਤ ਦੀ ਰਾਜਧਾਨੀ; ਦਿੱਲੀ, ਜਿੱਥੇ ਸਦੀਆਂ ਤੋਂ ਹਿੰਦੁਸਤਾਨ ਦੀ ਕਿਸਮਤ ਦਾ ਫੈਸਲਾ ਹੁੰਦਾ ਆਇਆ, ਦਿੱਲੀ ਜਿਹਦਾ ਕਬਜ਼ਾ ਇਕ ਤਰ੍ਹਾਂ ਨਾਲ ਸਾਰੇ ਹਿੰਦੁਸਤਾਨ ਦਾ ਕਬਜ ਸਮਝਿਆ ਜਾਂਦਾ ਸੀ; ਦਿੱਲੀ, ਜਿਹਦੇ ਵਿਚ ਇਕ ਅਤਿਅੰਤ ਰੋਮਾਂਟਿਕ ਖਿਚ ਸੀ, ਉਹ ਦਿੱਲੀ ਮਸੇਂ ਸੌ ਮੀਲ ਦੂਰ ਸੀ ਤੇ ਇਹਨਾਂ ਸੌ ਮੀਲਾਂ ਵਿਚ ਕੋਈ ਰੋਕ ਨਹੀਂ ਸੀ। ਇਹ ਹੀ ਨਹੀਂ ਆਪ ਦਿੱਲੀ ਵੀ ਉਹਨਾਂ ਦਿਨਾਂ ਵਿਚ ਰੰਡੀ ਸੀ। ਪਾਤਸ਼ਾਹ ਬਦੇਸ਼ੀ ਘੁੰਮ ਰਿਹਾ ਸੀ। ਦਖਣ ਵਿਚ ਪਾਤਸ਼ਾਹ ਨੂੰ ਐਨੀ ਸਫਲਤਾ ਨਹੀਂ ਸੀ ਮਿਲੀ ਜਿਹਦੀ ਕਿ ਉਹਨੂੰ ਤੇ ਮੁਗਲੀਹਾ ਸਲਤਨੱਤ ਨੂੰ ਆਸ ਸੀ। ਹਰ ਹਾਲਤ ਵਿਚ ਰਾਜ ਭਾਗ ਦੇ ਮੁਆਮਲਿਆਂ ਅੰਦਰ ਉਹਦੀ ਪਕੜ ਬੜੀ ਕੱਚੀ ਸੀ, ਉਹਦੇ ਦਬਾਅ ਥੱਲਿਓਂ ਹਰ ਕੋਈ ਲੋੜ ਵੇਲੇ ਅੱਖ ਬਚਾ ਕੇ ਨਿਕਲ ਸਕਦਾ ਸੀ। ਦਿੱਲੀ ਵਿਚ ਰਹਿੰਦੇ ਵਜ਼ੀਰੇ-ਆਜ਼ਮ ਤੇ ਬਾਕੀ ਵਜ਼ੀਰ ਤੇ ਅਮੀਰ ਆਪੋ-ਵਿਚਲੀ ਈਰਖਾਂ ਨਾਲ ਇਕ ਦੂਜੇ ਦੀ ਜਾਨ ਦੇ ਵੈਰੀ ਬਣੇ ਬੈਠੇ ਸਨ। ਹਕੂਮਤ ਦੀਆਂ ਨੀਂਹਾਂ ਖੋਖਲੀਆਂ ਹੋ ਚੁਕੀਆਂ ਸਨ।

ਔਰੰਗਜ਼ੇਬ ਦੀ ਸਖਤ ਤੇ ਕਿਸੇ ਹੱਦ ਤਕ ਜ਼ਾਲਮ ਹਕੂਮਤ ਦੀ ਯਾਦ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੂੰ ਕੰਬਾ ਦੇਂਦੀ ਸੀ। ਕਿਸੇ ਹੋਰ ਬਾਦਸ਼ਾਹ ਹੱਥ ਉਹ ਔਰੰਗਜ਼ੇਬ ਜਿੰਨੀ ਸ਼ਕਤੀ ਨਹੀਂ ਸਨ ਦੇਣਾ ਚਾਹੁੰਦੇ। ਉਹਨਾਂ ਦੀ ਦਿਲੀ ਇਛਿਆ ਸੀ ਕਿ ਬਾਦਸ਼ਾਹ ਦਾ ਰਸੂਖ ਮਹਿਦੂਦ ਰਹੇ ਤੇ ਉਹ ਕਦੀ ਵੀ ਐਨਾ ਬਲਵਾਨ ਨਾ ਹੋ ਜਾਏ ਕਿ ਉਹਨਾਂ ਨੂੰ ਸ਼ਤਰੰਜ ਦੇ ਮੋਹਰਿਆਂ ਵਾਂਗ ਜਿਥੇ ਮਰਜ਼ੀ ਹੈ ਰਖੇ ਜਾਂ ਜਿੱਥੋਂ ਮਰਜ਼ੀ ਹੋ ਚੁੱਕੇ।

ਉਹਨਾਂ ਦੀ ਗਿਰਾਵਟ ਤੇ ਵਹਿੰਦੀ ਵਿਰਤੀ ਦਾ ਇਕ ਹੋਰ ਕਾਰਨ ਬੰਦਾ ਸਿੰਘ ਬਹਾਦਰੀ ਤੇ ਉਹਦਾ ਸਵੈ-ਵਿਸ਼ਵਾਸ਼ ਸੀ।

ਜਿਸ ਬੰਦਾ ਸਿੰਘ ਨੇ ਸਰਹਿੰਦ ਜਿਹਾ ਸੂਬਾ ਤੇ ਵਜ਼ੀਰ ਖ਼ਾਨ ਜਿਹਾ ਸੂਬੇਦਾਰ ਇਕ ਦਿਨ ਵਿਚ ਮਾਰ ਲਿਆ ਉਹਦੇ ਵਾਸਤੇ ਢਹਿ ਢੇਰੀ ਹੋਈ ਦਿੱਲੀ ਦੀ ਹਕੂਮਤ ਕੋਈ ਵੁਕੱਤ ਨਹੀਂ ਸੀ ਰਖਦੀ। ਅਗੇ ਹੀ ਦਿੱਲੀ ਵਿਚ ਵਜ਼ੀਰ-ਆਜ਼ਮ ਦੀ ਤਾਕਤ ਬੜੀ ਵਧ ਗਈ ਹੈ, ਵਜ਼ੀਰ ਫ਼ਾਨ ਅਸਫਲ ਰਿਹਾ ਹੈ। ਲਾਹੌਰ ਦਾ ਸੂਬੇਦਾਰ ਡਰੂ ਤੇ ਨਾਲਾਇਕ ਹੈ। ਦੁਆਬੇ ਦਾ ਸ਼ਮਸ ਖ਼ਾਨ ਅਸਲ ਹੀ ਨਿਰੱਲਜ ਸਾਬਤ ਹੋਇਆ ਹੈ। ਜੇ ਬਾਦਸ਼ਾਹ ਸਲਾਮਤ ਜਲਦੀ ਆਪਣੀਆਂ ਸਾਰੀਆਂ ਫੌਜਾਂ ਨਾਲ ਪੰਜਾਬ ਤਸ਼ਰੀਫ ਨਾ ਲਿਆਏ ਤਾਂ ਸਿਖਾਂ ਦੀ ਤਾਕਤ ਨੂੰ ਕੁਚਲਣਾ ਅਨਹੋਣਾ ਹੋ ਜਾਏਗਾ। ਉਹਨਾਂ ਵਿਚੋਂ ਕਿਸੇ ਨੇ ਆਪ ਬੰਦੇ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਕੀਤੀ। ਉਹਨਾਂ ਵਿਚੋਂ ਕਿਸੇ ਨੇ ਸੂਬੇਦਾਰ ਸਰਹਿੰਦ ਨੂੰ ਸਹਾਇਤਾ ਭਿਜਵਾਣ ਬਾਰੇ ਵੀ ਨਹੀਂ ਸੀ ਸੋਚਿਆ।

ਉਹ ਆਪਣੇ ਖਿਆਲੀ ਕਿਲ੍ਹਿਆਂ ਵਿਚ ਆਪਣੇ ਆਪ ਨੂੰ ਮਹਿਫੂਜ਼ ਸਮਝਦੇ। ਉਹਨਾਂ ਨੂੰ ਖੁਸ਼ੀ ਸੀ ਕਿ ਬੰਦਾ ਦਿੱਲੀ ਵੱਲ ਨਹੀਂ ਆ ਰਿਹਾ। ਸਰਹਿੰਦ ਦੀ ਵਿਜੈ ਪਿਛੋਂ ਉਹ ਲੋਹ ਗੜ੍ਹ ਜਾ ਟਿਕਿਆ ਹੈ ਤੇ ਸਿੰਘ ਦੁਆਬੇ ਤੇ ਮਾਝੇ ਵਿਚ ਉਘੜਤੱਤੀਆਂ ਮਚਾਣ ਲਗ ਪਏ ਹਨ। ਕਈ ਤਾਂ ਜਿਨ੍ਹਾਂ ਨੂੰ ਕਿ ਵਜ਼ੀਰ ਖ਼ਾਨ ਨਾਲ ਈਰਖਾ ਸੀ, ਦਿਲੋਂ ਦਿਲ ਖੁਸ਼ ਵੀ ਸਨ।

ਪਰ ਜਦੋਂ ਦੋ ਢਾਈ ਮਹੀਨੇ ਠਹਿਰ ਕੇ ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ ਆ ਮੱਲਿਆ ਤਾਂ ਉਹਨਾਂ ਦੀ ਖਾਨਿਓਂ ਗਈ। ਸਹਾਰਨਪੁਰ ਤੋਂ ਪਿਛੋਂ ਨੌਨੇਤਾ ਤੇ ਫਿਰ ਬੰਦਾ ਜਲਾਲਾਬਾਦ ਤਕ ਆ ਪਹੁੰਚਿਆ। ਇਹ ਗੱਲ ਅਸੱਚਰਜ ਨਹੀਂ ਸੀ ਕਿ ਦਿੱਲੀ ਦੇ ਵਜ਼ੀਰ ਤੇ ਦਿੱਲੀ ਦੀ ਰਈਅਤ ਕੰਬਣ ਲੱਗੀ।

‘ਕੀ ਸਰਹਿੰਦ ਵਾਂਗ ਦਿੱਲੀ ਵੀ ਲੁੱਟੀ ਤੇ ਉਜਾੜੀ ਜਾਏਗੀ ?’ ਇਕ ਸਰਦਾਰ ਦੂਜੇ ਕੋਲੋਂ ਪੁਛਦਾ।

‘ਸਾਡੇ ਕੋਲ ਤਾਂ ਇਥੇ ਵਜ਼ੀਰ ਖ਼ਾਨ ਜਿੰਨੀ ਵੀ ਫੌਜ ਨਹੀਂ।’ ਦੂਸਰਾ ਆਖਦਾ।

ਕਿਸੇ ਹੋਰ ਨੂੰ ਕੰਬਣੀ ਛਿੜਦੀ ਤੇ ਉਹ ਕਹਿੰਦਾ :

‘ਹੁਣ ਕੀ ਬਣੇਗਾ ਭਰਾਵਾ ?’

ਇਸੇ ਤਰ੍ਹਾਂ ਹੀ ਲੋਕ ਦਿੱਲੀ ਦੇ ਲੋਕ ਬਾਜ਼ਾਰਾਂ ਵਿਚ ਹਿਰਾਸੇ ਫਿਰਦੇ। ਚਾਂਦਨੀ ਚੌਂਕ ਆਮ ਨਾਲੋਂ ਸ਼ਾਮੀਂ ਜਲਦੀ ਬੰਦ ਹੋ ਜਾਂਦਾ, ਗਲੀਆਂ ਤੇ ਮਹੱਲਿਆਂ ਦੇ ਲੋਕ  ਹਰ ਸ਼ਾਮ ਤੇ ਹਰ  ਸਵੇਰ ਇਕੱਠੇ ਹੋ ਕੇ ਬੰਦਾ ਸਿੰਘ ਬਹਾਦਰ ਦੀ ਪੇਸ਼-ਕਦਮੀ ਦੀਆਂ ਗੱਲਾਂ ਕਰਦੇ।

‘ਕਰੀਮਿਆ ਬੰਦਾ ਆਇਆ ਕਿ ਆਇਆ  ਭਰਾਵਾ। ਮੈਂ ਤਾਂ ਕਹਿਨਾ ਟ੍ਰੰਕ ਛੱਲਾ ਸਾਂਭ ਆਗਰੇ ਉਠ ਚਲੀਏ।’

‘ਭਰਾ ਜ਼ਿਆ ਦੀਨਾ ਆਗਰੇ ਜਾਣ ਨਾਲ ਹੁਣ ਕੁਝ ਨਹੀਂ ਬਣਨਾ। ਬਸ ਮੈਨੂੰ ਤਾਂ ਲਗਦਾ ਕਿ ਮੁਗਲੀਹਾ ਹਕੂਮਤ ਦੇ ਆਖਰੀ ਦਿਨ ਆ ਚੁਕੇ ਹਨ।’ ਕਰੀਮ ਖ਼ਾਨ ਬੋਲਦਾ।

ਕੋਈ ਵਾਹਿਦ ਮੁਹੰਮਦ ਦੋਹਾਂ ਨੂੰ ਢਾਰਸ ਦੇਂਦਾ ਆਖਦਾ :

‘ਓਏ ਕੀ ਹੋ ਗਿਆ ਜੋ ਡਰੂਓ! ਜੇਰਾ ਕਰੋ। ਬੰਦਾ ਤੁਹਾਨੂੰ ਮੂੰਹ ਵਿਚ ਤਾਂ ਨਹੀਂ ਪਾਣ ਲੱਗਾ। ਦਿੱਲੀ ਪਹੁੰਚਣਾ ਸੌਖਾ ਨਹੀਂ।’

‘ਪਰ ਵਾਹਿਦ ਮਹੁੰਮਦਾ, ਤੂੰ ਸਰਹਿੰਦ ਦੀ ਹੋਈ ਬਾਬ ਨਾ ਸੁਣੀ। ਉਏ ਭੈੜਿਆ ਬੰਦਾ ਜਾਦੂਗਰ ਹੈ। ਬੰਦੇ ਸਾਹਮਣੇ ਅਜੇ ਤਕ ਕੋਈ ਨਹੀਂ ਠਹਿਰ ਸਕਿਆ।’ ਨਾਲ ਖਲੋਤਾ ਆਦਮੀ ਆਖਦਾ।

‘ਹੁਣ ਤਾਂ ਖੁਦਾਵੰਦ ਹੀ ਬਚਾਵੇ। ਬਾਦਸ਼ਾਹ ਸਲਾਮਤ ਵੀ ਨੇੜੇ ਨਹੀਂ। ਬਸ! ਹੁਣ ਸਾਡੇ ਆਖਰੀ ਦਿਨ ਆਏ।’

ਇਹੋ ਜਿਹੀ ਹਾਲਤ ਦਿੱਲੀ ਤੇ ਦਿੱਲੀ ਦੇ ਹਾਕਮਾਂ ਦੀ ਸੀ ਉਸ ਵੇਲੇ ਜਦੋਂ ਬੰਦਾ ਸਿੰਘ ਜਲਾਲਾਬਾਦ ਨੂੰ ਘੇਰਾ ਘੱਤੀ ਬੈਠਾ ਸੀ ਤੇ ਦਿੱਲੀ ਵਲ ਵੇਖਦਾ ਕਹਿ ਰਿਹਾ ਸੀ।

‘ਜੇ ਪਰਮਾਤਮਾ ਨੇ ਚਾਹਿਆ ਤਾਂ ਜਲਦੀ ਹੀ ਦਿੱਲੀ ਸਿਖ ਪੰਥ ਅਗੇ ਚੜ੍ਹਾਵੇ ਦੇ ਰੂਪ ਵਿਚ ਅਰਪਨ ਕਰਾਂਗਾ।’

ਬਾਜ ਸਿੰਘ ਸਦਾ ਵਾਂਗ ਬੰਦੇ ਦੇ ਨਾਲ ਸੀ। ਬਾਜ ਸਿੰਘ ਦੀ ਉਮਰ ਬੰਦੇ ਨਾਲੋਂ ਕੋਈ ਵੀਹ ਪੰਝੀ ਸਾਲ ਲੰਮੇਰੀ ਹੋਵੇਗੀ।ਉਹਦੀ ਦਾੜ੍ਹੀ ਚਿੱਟੀ ਸੀ ਤੇ ਸਿਰੋਂ ਉਹ ਲਗ ਪਗ ਹੁਣ ਤਕ ਗੰਜਾ ਹੀ ਹੋ ਚੁਕਾ ਸੀ। ਏਸੇ ਕਰਕੇ ਉਹ ਪੱਗ ਵੱਡੀ ਬੰਨ੍ਹਦਾ ਤੇ ਪੋਲੀ ਪੋਲੀ। ਉਹਦਾ ਸ਼ਰੀਰ ਪਤਲਾ ਸੀ ਤੇ ਕਦਰੇ ਲੰਮਾ ਸੀ। ਜਦੋਂ ਵੀ ਜ਼ਰਾ ਵਿਹਲ ਮਿਲੇ ਉਹ ਆਪਣੀ ਲੰਮੀ ਸੋਹਣੀ ਦਾੜ੍ਹੀ ਉੱਤੇ ਹੱਥ ਫੇਰਨ ਦਾ ਆਦੀ ਸੀ, ਖਾਸ ਕਰਕੇ ਜਦੋਂ ਉਹ ਬੰਦੇ ਦੇ ਸਾਹਮਣੇ ਹੋਵੇ। ਬਾਜ ਸਿੰਘ ਇਕ ਲੰਮਾ ਅਰਸਾ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਹਾ ਸੀ ਤੇ ਉਹਨੇ ਸਿਖੀ ਮਰਿਆਦਾ ਤੇ ਸਿਖ ਰਹਿਤ ਨੂੰ ਬੜੀ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਸੀ।

ਇਹ ਬਾਜ ਸਿੰਘ, ਬਾਕੀ ਚੌਹਾਂ ਪਿਆਰਿਆਂ ਤੇ ਗੁਰੂ ਗੋਬਿੰਦ ਸਿੰਘ ਵਲੋਂ ਬੰਦੇ ਨਾਲ ਭੇਜੇ ਬਾਕੀ ਸਿਖਾਂ ਦੀ ਵਡਿਆਈ ਸੀ ਕਿ ਉਹਨਾਂ ਨੂੰ ਬੰਦਾ ਸਿੰਘ ਨੂੰ ਤਨੋਂ ਮਨੋਂ ਆਪਣਾ ਨਾਇਕ ਸਵੀਕਾਰ ਕੀਤਾ। ਇਹ ਸਵੀਕਾਰਤਾ ਉਸ ਜ਼ੱਬਤ ਦੀ ਸੂਚਕ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਥੀਆਂ ਵਿਚ ਭਰਨ ਦੀ ਕੋਸ਼ਿਸ਼ ਕੀਤੀ। ਜਿਸ ਸੇਵਾ ਤੋਂ ਮੈਤਰੀ ਭਾਵ ਨਾਲ ਇਹਨਾਂ ਪੰਜਾਂ ਪਿਆਰਿਆਂ ਤੇ ਹੋਰਨਾਂ ਸਿਖਾਂ ਨੇ ਬੰਦੇ ਨੂੰ ਅਪਣਾਇਆ ਤੇ ਉਚਿਆਇਆ ਉਸ ਤੋਂ ਪ੍ਰਤਖ ਸੀ ਕਿ ਗੁਰੂ ਗੋਬਿੰਦ ਆਪਣੇ ਨਿਸ਼ਾਨੇ ਵਿਚ ਸਫਲ ਹੋਏ। ਠੀਕ, ਬੰਦੇ ਦੀ ਸ਼ਖਸੀਅਤ ਤੇ ਉਹਦੀ ਪ੍ਰਤਿਭਾ, ਇੱਜ਼ਤ ਤੇ ਆਗਿਆਕਾਰੀ ਲਈ ਹਰ ਇਕ ਨੂੰ ਮਜ਼ਬੂਰ ਕਰ ਸਕਦੀ ਸੀ ਪਰ ਭਾਈ ਬਾਜ ਸਿੰਘ ਤੇ ਹੋਰਨਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਜਿੰਨੀ ਬੰਦੇ ਦੀ ਸ਼ਖਸੀਅਤ ਤੇ ਪ੍ਰਤਿਭਾ ਸੀ ਉਸ ਤੋਂ ਵੱਧ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਤੇ ਪ੍ਰਤਿਭਾ।

ਬੰਦੇ ਦੀ ਇਹ ਇੱਜ਼ਤ ਤੇ ਉਹਦੀ ਇਹ ਆਗਿਆਕਾਰੀ ਇਕ ਤਰ੍ਹਾਂ ਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਸੀ।

ਸਹਾਰਨਪੁਰ, ਨੌਨੇਤਾ ਤੇ ਜਲਾਲਾਬਾਦ-ਤੇ ਇਹਨਾਂ ਤੋਂ ਪਹਿਲੋਂ ਤੇ ਪਿਛੋਂ ਹੁੰਦੀਆਂ ਸਭ ਲੜਾਈਆਂ ਵਿਚ ਭਾਈ ਬਾਜ ਸਿੰਘ ਸਦਾ ਬੰਦੇ ਦਾ ਸੱਜਾ ਹੱਥ ਸੀ। ਭਾਈ ਬਾਜ ਸਿੰਘ ਤੋਂ ਇਲਾਵਾ ਉਹਦੇ ਤਿੰਨ ਭਰਾ ਰਾਮ ਸਿੰਘ, ਸ਼ਾਮ ਸਿੰਘ ਤੇ ਕੁਬੇਰ ਸਿੰਘ ਵੀ ਸਦਾ ਹਰ ਲੜਾਈ ਵਿਚ ਸ਼ਾਮਿਲ ਹੋਏ। ਉਪਰੰਤ ਬਿਨੋਦ ਸਿੰਘ ਤ੍ਰਿਹਣ ਤੇ ਕਾਹਨ ਸਿੰਘ ਭੱਲਾ ਨੇ ਵੀ ਵਧ ਘਟ ਹੀ ਬੰਦੇ ਦਾ ਸਾਥ ਛਡਿਆ।

ਅੱਜ ਜਦੋਂ ਬੰਦੇ ਨੇ ਇਹ ਸ਼ਬਦ ਕਹੇ,’ਜੇ ਪਰਮਾਤਮਾ ਨੇ ਚਾਹਿਆ ਤਾਂ ਜਲਦੀ ਹੀ ਦਿੱਲੀ ਸਿਖ ਪੰਥ ਅਗੇ ਚੜ੍ਹਾਵੇ ਦੇ ਰੂਪ ਵਿਚ ਅਰਪਨ ਕਰਾਂਗਾ,’ ਬਾਜ ਸਿੰਘ ਨਾਲ ਹੀ ਖਲੋਤਾ ਸੀ।
ਇਹ ਸ਼ਬਦ ਸੁਣ ਕੇ ਬਾਜ ਸਿੰਘ ਦਾ ਮੰਨ ਬੰਦੇ ਦੇ ਆਦਰ ਤੇ ਸਤਿਕਾਰ ਨਾਲ ਭਰ ਗਿਆ ਤੇ ਉਸ ਕਿਹਾ :

‘ਬਾਬਾ ਜੀ! ਤੁਹਾਡੀ ਅਗਵਾਈ ਥੱਲੇ ਖਾਲਸੇ ਦੀ ਫ਼ਤਹ ਹੋਵੇਗੀ। ਤੁਹਾਨੂੰ ਤਾਂ ਜਿਵੇਂ ਰੱਬ ਨੇ ਸਾਡੀ ਅਗਵਾਈ ਲਈ ਹੀ ਭੇਜਿਆ ਹੋਵੇ। ਅੱਜ ਮੈਨੂੰ ਉਹ ਦਿਨ ਯਾਦ ਆ ਰਿਹਾ ਹੈ ਜਦੋਂ ਗੁਰੂ ਕਲਗੀਆਂ ਵਾਲੇ ਨੇ ਤੁਹਾਨੂੰ ਪਹਿਲੀ ਵਾਰ ਵੇਖਿਆ। ਤੁਹਾਡੀ ਸ਼ਖਸੀਅਤ ਦਾ ਉਹਨਾਂ ਉੱਤੇ ਬੜਾ ਪ੍ਰਭਾਵ ਪਿਆ ਤੇ ਰਾਤ ਹੀ ਉਹਨਾਂ ਮੈਨੂੰ ਕਿਹਾ, ਕਿ ਜਿਸ ਆਦਮੀ ਦੀ ਉਹਨਾਂ ਭਾਲ ਸੀ ਉਹ ਅੱਜ ਉਹਨਾਂ ਨੂੰ ਗੋਦਾਵਰੀ ਦੇ ਕੰਢੇ ਉੱਤੇ ਮਿਲ ਗਿਆ ਹੈ। ਬਾਬਾ ਜੀ…।’

ਪਰ ਬੰਦਾ ਸਿੰਘ ਨੇ ਬਾਜ ਸਿੰਘ ਨੂੰ ਟੋਕਿਆ,’ਭਾਈ ਬਾਜ ਸਿੰਘ! ਗੁਰੂ ਗੋਬਿੰਦ ਬਾਰੇ ਗੱਲ ਕਰਨੀ, ਮੈਨੂੰ ਇੰਜ ਲਗਦਾ ਹੈ, ਜਿਵੇਂ ਉਹਨਾਂ ਦਾ ਨਿਰਾਦਰ ਹੋਵੇ। ਭਾਈ ਜੀ! ਗੁਰੂ ਗੋਬਿੰਦ ਬਾਰੇ ਸਿਰਫ ਸੋਚਿਆ ਹੀ ਜਾ ਸਕਦਾ ਹੈ। ਉਹਨਾਂ ਨੂੰ ਹੀ ਮਨ  ਹੀ ਮਨ ਧਿਆਇਆ ਤੇ ਸਿਮਰਿਆ ਜਾ ਸਕਦਾ ਹੈ। ਆਪਣੀ ਇਕ ਤਕਣੀ ਤੇ ਆਪਣੀ ਇਕ ਛੋਹ ਨਾਲ ਉਹਨਾਂ ਮੇਰੇ ਵਿਚ ਉਹ ਬਲ, ਉਹ ਸ਼ਕਤੀ, ਉਹ ਸਵੈ-ਵਿਸ਼ਵਾਸ਼ੀ ਤੇ ਸਿਖ ਪੰਥ ਵਾਸਤੇ ਉਹ ਸੇਵਾ ਭਾਵ ਭਰ ਦਿਤਾ ਕਿ…’ਤੇ ਬੰਦਾ ਐਨਾ ਭਾਵਕ ਹੋ ਗਿਆ ਕਿ ਉਹ ਅਗੋਂ ਕੁਝ ਨਾ ਕਹਿ ਸਕਿਆ।

ਸਿਰਫ ਇਹਨਾਂ ਮੌਕਿਆਂ ਉੱਤੇ ਹੀ ਬੰਦਾ ਸਿੰਘ ਭਾਵਕ ਹੋਇਆ ਕਰਦਾ ਸੀ। ਉਹ ਗੁਰੂ ਗੋਬਿੰਦ ਸਿੰਘ ਬਾਰੇ ਕਦੀ ਬਹੁਤੀ ਦੇਰ ਗੱਲਾਂ ਨਹੀਂ ਸੀ ਕਰ ਸਕਦਾ। ਜਜ਼ਬਾਤ ਉਹਦਾ ਗੱਚ ਭਰ ਲੈਂਦੇ ਸਨ। ਏਸੇ ਲਈ ਉਹਦੀ ਗੱਲ ਬਾਤ ਵਿਚ ਗੁਰੂ ਗੋਬਿੰਦ ਸਿੰਘ ਵਲ ਸੰਕੇਤ ਜਾਂ ਉਹਨਾਂ ਦਾ ਜ਼ਿਕਰ ਬੜਾ ਘੱਟ ਆਉਂਦਾ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਧਿਆਨ ਵਿਚ ਜੀਉਂਦਾ ਸੀ, ਸੋ ਫਿਰ ਉਹਨਾਂ ਬਾਰੇ ਗੱਲਾਂ ਕਰਨੀਆਂ ਕਿਵੇਂ ਆਸਾਨ ਹੁੰਦੀਆਂ। ਏਸੇ ਧਿਆਨ ਨੇ ਹੀ ਉਹਨੂੰ ਪਹਿਲੇ ਨਾਲੋਂ ਹੀ ਵਧ ਸੰਜਮੀ ਤੇ ਮਿਹਨਤੀ ਬਣਾ ਦਿਤਾ ਸੀ।

ਅਜ ਬੰਦਾ ਸਿੰਘ ਨੂੰ ਇਸ ਤਰ੍ਹਾਂ ਗੱਲਾਂ ਕਰਦਿਆਂ ਸੁਣ ਕੇ ਭਾਈ ਬਾਜ ਸਿੰਘ ਦੇ ਨੈਣ ਭਰ ਆਏ ਤੇ ਉਸ ਕਹਿਆ :

‘ਧੰਨ ਬਾਬਾ ਨਾਨਕ! ਧੰਨ ਗੁਰੂ ਕਲਗੀਆਂ ਵਾਲਾ।’ ਧੰਨ ਗੁਰੂ ਕਲਗੀਆਂ ਵਾਲਾ!’

‘ਧੰਨ ਸਿੱਖੀ! ਖੰਨਿਓਂ ਤਿੱਖੀ, ਵਾਲੋ ਨਿੱਕੀ।’

ਬੰਦਾ ਸਿੰਘ ਬਹਾਦਰ ਨੇ ਵੀ ਇਹੋ ਸ਼ਬਦ ਦੁਹਰਾਏ ਤੇ ਉਹ ਆਪਣੇ ਤੰਬੂ ਵਿਚ ਚਲਾ ਗਿਆ।ਪਰ ਪਰਮਾਤਮਾ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਕਿ ਦਿੱਲੀ ਸਿਖ ਪੰਥ ਸਾਹਮਣੇ ਚੜ੍ਹਾਵੇ ਦੇ ਰੂਪ ਵਿਚ ਪੇਸ਼ ਹੁੰਦੀ।

ਅਜੇ ਜਲਾਲਾਬਾਦ ਪੂਰੀ ਤਰ੍ਹਾਂ ਸਰ ਨਹੀਂ ਹੋਇਆ ਕਿ ਮੀਂਹ ਮੋਹਲੇਧਾਰ ਵੱਸਨ ਲਗੇ। ਬੇਸ਼ਕ ਇਹ ਦਿਨ ਮੀਂਹਾਂ ਦੇ ਸਨ ਤੇ ਬੰਦੇ ਨੇ ਮੌਸਮ ਦੀ ਇਹ ਤਬਦੀਲੀ ਆਪਣੇ ਧਿਆਨ ਵਿਚ ਰਖੀ ਸੀ ਪਰ ਅਜ ਵਾਂਗ ਉਹਨਾਂ ਦਿਨਾਂ ਵਿਚ ਵੀ ਮੀਂਹਾਂ ਦੇ ਦਿਨ ਜਲਾਲਾਬਾਦ ਤੇ ਦਿੱਲੀ ਦੇ ਇਲਾਕੇ ਵਿਚ ਅਤਿਅੰਤ ਹੜ੍ਹਾਂ ਦੇ ਦਿਨ ਨਹੀਂ ਸੀ ਹੋਇਆ ਕਰਦੇ।ਜਿਹਲਮ ਤੇ ਅਟਕ ਚੜ੍ਹਿਆ ਕਰਦੇ ਸਨ। ਝਨਾਂ ਵੀ ਸ਼ੂਕ ਉਠਦੀ ਸੀ ਤੇ ਕਦੀ ਕਦੀ ਸਤਲੁਜ ਤੇ ਬਿਆਸੀ ਨੂੰ ਵੀ ਰੋਹ ਚੜ੍ਹਦਾ, ਪਰ ਜਮਨਾ ਦਰਿਆ ਤੇ ਕ੍ਰਿਸ਼ਨਾ ਨਦੀ ਘਟ ਵਧ ਹੀ ਕੰਢੇ ਪਾੜ ਕੇ ਸਭ ਪਾਸੇ ਜਲ ਥਲ ਕਰਦੀਆਂ।ਐਤਕੀ- ਨਾ ਜਾਣੇ ਕਿਉਂ, ਐਤਕੀ- ਕ੍ਰਿਸ਼ਨਾ ਜੁਮਨਾ ਨੂੰ ਰੋਹ ਚੜ੍ਹਿਆ ਤੇ ਉਹਨਾਂ ਨੇ ਆਪਣੇ ਕੰਢੇ ਪਾੜ ਦਿਤੇ। ਜਲਾਲਾਬਾਦ ਦੇ ਆਲੇ ਦੁਆਲੇ ਦਾ ਇਲਾਕਾ ਤੇ ਧੁਰ ਦਿੱਲੀ ਤਕ ਆਉਣ ਜਾਉਣ ਮੁਹਾਲ ਹੀ ਨਹੀਂ- ਅਣਹੋਣਾ ਹੋ ਗਿਆ।

ਕੁਦਰਤੀ ਤਾਕਤਾਂ ਨੇ ਮਨੁੱਖੀ ਪ੍ਰਤਿਭਾ ਨੂੰ ਹਾਰ ਦਿੱਤੀ। ਸੈਨਾਪਤੀ ਕੁਦਰਤ ਅਗੇ ਝੁਕਿਆ ਤੇ ਬੰਦਾ ਸਿੰਘ ਕਦਮ ਮੋੜ ਲਏ।ਜੇ ਇਹ ਸਿਰਫ ਹੜ੍ਹ ਵੀ ਹੁੰਦੇ ਤਾਂ ਵੀ ਕੋਈ ਗੱਲ ਸੀ, ਪਰ ਹੜ੍ਹਾਂ ਦੇ ਨਾਲ ਨਾਲ ਬਾਰਸ਼ਾਂ ਵੀ ਅਮੁੱਕ ਹੋਈਆਂ। ਤੇ ਬਾਰਸ਼ਾਂ ਦੇ ਨਾਲ ਨਾਲ ਮਲੇਰੀਏ ਨੇ ਸਾਰੀ ਸੈਨਾ ਨੂੰ ਆਪਣੀ ਜ਼ੱਦ ਵਿਚ ਲੈ ਲਿਆ।

ਅਪੂਰਬਤਾ ਨੇ ਮਨੁੱਖੀ ਪਾਰਦਰਸ਼ਤਾ ਤੇ ਸਿਆਣਪ ਨੂੰ ਝੁੱਠਲਾ ਦਿਤਾ। ਬੰਦਾ ਸਿੰਘ ਸਹੀ ਸਲਾਮਤ ਆਪਣੀ ਸੈਨਾ ਨੂੰ ਪੰਜਾਬ ਮੋੜ ਲਿਆਇਆ। ਇਸ ਕੁਦਰਤ ਵੱਲੋਂ ਨਾਜ਼ਲ ਹੋਏ ਸੰਕਟ ਦਾ ਨਤੀਜਾ ਕੀ ਹੋਇਆ?

ਇਕ ਸਲਤਨੱਤ ਤਬਾਹ ਹੋਣੋਂ ਬਚ ਗਈ, ਇਕ ਸਲਤਨੱਤ ਸਥਾਪਿਤ ਹੋਣੋਂ ਖੁੱਟ ਗਈ। ਇਕ ਰਾਜ ਕਾਇਮ ਹੁੰਦਾ ਹੁੰਦਾ ਉੱਕ ਗਿਆ ਤੇ ਇਕ ਰਾਜ ਢਹਿੰਦਾ ਢਹਿੰਦਾ ਵੀ ਤੱਰ ਗਿਆ।

ਇਹੋ ਜਿਹਾ ਨੁਕਤਾ ਸਮਝਣ ਵਾਸਤੇ ਇਕ ਮਜਿਜ਼ ਆਮ ਇਤਿਹਾਸਕਾਰ ਨਹੀਂ ਲੋੜੀਂਦਾ, ਉਹ ਇਤਿਹਾਸਕਾਰ ਲੋੜੀਂਦਾ ਹੈ ਜਿਹੜਾ ਯੁਧ ਨੂੰ ਸਮਝ ਸਕੇ ਤੇ ਜਿਹੜਾ ਬੰਦੇ ਦੀ ਪ੍ਰਤਿਭਾ ਦੀ ਥਾਹ ਪਾ ਸਕੇ।

ਜਦੋਂ ਬੰਦੇ ਨੇ ਆਪਣੇ ਕਦਮ ਮੋੜੇ ਤਾਂ ਉਸ ਲਲਸਾਈ ਭਾਵਨਾਵਾਂ ਨਾਲ ਕਿਹਾ,

‘ਇਹ ਮੋੜ ਬੜਾ ਫ਼ਿਤਨਾ ਭਰਪੂਰ ਤੇ ਗੂੜ੍ਹ-ਅਰਥਾ-ਮੋੜ ਹੈ।’

ਬੰਦਾ ਸਿੰਘ ਨੂੰ ਜਿਵੇਂ ਇਹ ਤੌਖਲਾ ਹੋਵੇ ਕਿ ਇਹ ਮੋੜ ਸ਼ਾਇਦ ਉਹਦੀ ਪੇਸ਼ਕਦਮੀ ਤੇ ਖਾਲਸੇ ਦਾ ਜਿੱਤਾਂ ਦਾ ਆਦਿਕ ਮੋੜ ਹੈ।

ਇਹ ਸਮਾਂ ਤੇ ਇਹ ਮੌਕਾ ਨਾਜ਼ੁਕ ਸੀ। ਇਸ ਸਮੇਂ ਦਿੱਲੀ ਨਿਹੱਥੀ ਸੀ। ਲਾਹੌਰ ਤੋਂ ਲੈ ਕੇ ਦਿੱਲੀ ਤਕ ਮੁਗਲੀਹਾ ਰਾਜ ਦੇ ਸਰਦਾਰਾਂ ਤੇ ਅਮੀਰਾਂ ਨੂੰ ਇਸ ਸਮੇਂ ਇਕ ਘੋਰ ਗਿਰਾਵਟ ਖਾ ਰਹੀ ਸੀ। ਇਸ ਸਮੇਂ ਸਿਖਾਂ ਦੀ ਧਾਂਕ ਰਾਜਪੂਤਨੇ ਤੇ ਧੁਰ ਦੱਖਣ ਤਕ ਪਹੁੰਚ ਚੁਕੀ ਸੀ। ਇਸ ਸਮੇਂ ਸਿਖ ਚੜ੍ਹਦੀਆਂ ਕਲਾਂ ਵਿਚ ਸਨ। ਇਸ ਸਮੇਂ ਤਕ ਬੰਦਾ ਸਿੰਘ ਬਹਾਦਰ ਨੇ ਸਿਖ ਰਾਜ ਦੀ ਸਥਾਪਨਾ ਕਰ ਦਿੱਤੀ ਸੀ ਪਰ ਅਜੇ ਨੀਂਹਾਂ ਮਜ਼ਬੂਤ ਨਹੀਂ ਸਨ ਹੋਈਆਂ।

ਜੇ ਦਿੱਲੀ ਹੱਥ ਆ ਜਾਂਦੀ ਤਾਂ ਸਿਖ ਰਾਜ ਨੂੰ ਇਕ ਅਜਿਹਾ ਥੰਮ ਮਿਲਦਾ ਕਿ ਫਿਰ ਕੋਈ ਸ਼ਕ-ਕੋਈ ਡਰ ਨਾ ਰਹਿੰਦਾ।

ਪਰ ਉਂਜ..ਉਂਜ ਬੰਦੇ ਕੋਲ ਅਜ ਸ਼ਹਿਨਸ਼ਾਹ ਦਿੱਲੀ ਨਾਲ ਭਿੜਨ ਵਾਸਤੇ ਤੋਪਾਂ ਨਹੀਂ ਸਨ, ਹਾਥੀ ਨਹੀਂ ਸਨ, ਪੈਸਾ ਨਹੀਂ ਸੀ, ਸਿਪਾਹੀ ਨਹੀਂ ਸੀ।ਬੰਦਾ ਸਿੰਘ ਨੂੰ ਇਸ ਨੁਕਤੇ ਦੀ ਸੋਝੀ ਸੀ। ਇਸੇ ਕਰਕੇ ਉਹ ਸਰਹਿੰਦ ਦੀ ਵਿਜੈ ਪਿਛੋਂ ਬਹੁਤਾ ਚਿਰ ਲੋਹ ਗੜ੍ਹ ਨਹੀਂ ਸੀ ਟਿਕਿਆ। ਉਹਦੇ ਦਿਮਾਗ ਵਿਚ ਕਰਨ ਵਾਲੇ ਅਨੇਕ ਅਧੂਰੇ ਕੰਮ ਗੇੜ ਲਾ ਰਹੇ ਸਨ, ਪਰ ਉਸ ਕਿਹਾ ਕਿ ਅਧੂਰੇ ਕੰਮ ਫਿਰ ਵੀ ਨਜਿੱਠੇ ਜਾਣਗੇ। ਪਰ ਦਿੱਲੀ ਇਸ ਤਰ੍ਹਾਂ ਵਾਂਗ ਫਿਰ ਕਦੀ ਸੌਖੀ ਨਹੀਂ ਮਿਲਣੀ। ਸੋ ਉਸ ਕਮਰਕੱਸੇ ਕੱਸ ਲਏ।

ਤੇ ਅਜ ਹੜ੍ਹਾਂ, ਮੀਂਹ ਤੇ ਮਲੇਰੀਏ ਨੇ ਬੰਦਾ ਸਿੰਘ ਨੂੰ ਹਰਾ ਦਿਤਾ। ਖ਼ਾਲਸਾ ਪੰਥ ਨੂੰ ਹਰਾ ਦਿਤਾ।
ਬੰਦੇ ਨੂੰ ਲਗਦਾ ਸੀ ਕਿ ਹੁਣ ਮੌਕਾ ਖੁੰਝ ਚੁਕਾ ਹੈ। ਹੁਣ ਪਤਾ ਨਹੀਂ ਕੀ ਹੋਵੇਗਾ? ਹੁਣ ਸ਼ਾਇਦ ਉਹ ਕਿਤੇ ਜੰਮ ਕੇ ਸ਼ਹਿਨਸ਼ਾਹ ਨਾਲ ਲੜ ਵੀ ਸਕੇਗਾ ਕਿ ਨਹੀਂ।

ਏਸੇ ਲਈ ਜਲਾਲਾਬਾਦ ਤੋਂ ਮੁੜਦਾ ਬੰਦਾ ਉਦਾਸ ਸੀ, ਕਿਸੇ ਹੱਦ ਤਕ ਨਿਰਾਸ਼ ਸੀ। ਸਦਾ ਚੜ੍ਹਦੀਆਂ ਕਲਾਂ ਵਿਚ ਰਹਿਣ ਵਾਲਾ ਬੰਦਾ ਅਜ ਨਿਰਾਸ਼ ਸੀ। ਉਹ ਕਿਸੇ ਨਾਲ ਗੱਲ ਨਹੀਂ ਸੀ ਕਰਦਾ, ਉਹ ਕੁਝ ਖਾ ਨਹੀਂ ਸੀ ਰਿਹਾ।
ਭਾਈ ਬਾਜ ਸਿੰਘ ਨੇ ਇਕ ਦਿਨ ਹਿੰਮਤ ਕਰ ਕੇ ਪੁਛਿਆ।

‘ਬਾਬਾ ਜੀ! ਮੈਂ ਜਾਂ ਕੋਈ ਹੋਰ ਸਰਦਾਰ ਇਸ ਨਿਰਾਸ਼ਾ ਦਾ ਕਾਰਨ ਨਹੀਂ ਸਮਝ ਸਕੇ।’

ਪਰ ‘ਖ਼ਾਲਸਾ ਜੀ! ਮੇਰੀ ਨਿਰਾਸ਼ਾ ਦੇ ਕੁਝ ਕਾਰਨ ਜ਼ਰੂਰ ਹਨ- ਜਿਹੜੇ ਮੇਰੀ ਪ੍ਰਾਰਥਨਾ ਹੈ, ਕਿ ਝੂਠੇ ਨਿਕਲਣ।’

ਏਧਰ ਮਾਹਿਲ ਵਿਚ ਜਦੋਂ ਖ਼ਾਲਸਈ ਸੈਨਾਂ ਦੇ ਮੁੜਨ ਦੀ ਖਬਰ ਪਹੁੰਚੀ ਤਾਂ ਸ਼ਾਹਬਾਜ਼ ਸਿੰਘ ਬੜਾ ਨਿਮੋਝਣਾ ਹੋਇਆ ਸਵਾਏ ਸ਼ਾਹਬਾਜ਼ ਦੇ ਹੋਰ ਕੋਈ ਇਸ ਮੋੜੇ ਦਾ ਗੂੜ੍ਹ ਮਤਲਬ ਨਹੀਂ ਸੀ ਸਮਝ ਸਕਦਾ। ਹਰ ਇਕ ਦੇ ਭਾਣੇ ਸਹਾਰਨਪੁਰ ਤੇ ਨੌਨੇਤੇ ਦੀਆਂ ਜਿੱਤਾਂ ਸਿਖ ਪੰਥ ਵਾਸਤੇ ਬੜੀਆਂ ਮਾਹਰਕੇਦਾਰ ਜਿੱਤਾਂ ਹਨ। ਹਰ ਇਕ ਆਦਮੀ ਖੁਸ਼ ਸੀ। ਉਹਦਾ ਸਿਰ ਉੱਚਾ ਸੀ। ਉਹਨਾਂ ਦੇ ਖਿਆਲ ਵਿਚ ਸਿਖ ਸੈਨਾ ਮੁੜ ਆਈ ਸੀ ਕਿਉਂਕਿ ਜਿਸ ਕੰਮ ਲਈ ਉਹ ਸਹਾਰਨਪੁਰ,ਨੌਨੇਤੇ ਤੇ ਜਲਾਲਾਬਾਦ ਗਏ ਸਨ ਉਹ ਪੂਰਾ ਹੋ ਚੁਕਾ ਸੀ। ਹਿੰਦੂਆਂ ਦੀ ਬੰਦ-ਖਲਾਸ ਹੋ ਚੁਕੀ ਸੀ ਤੇ ਮੁਸਲਮਾਨਾਂ ਦਾ ਹੰਕਾਰ ਟੁਟ ਚੁਕਾ ਸੀ।ਪਰ ਸ਼ਾਹਬਾਜ਼ ਸਿੰਘ ਮਨ ਹੀ ਮਨ ‘ਚ ਆਖਦਾ ਕਿ ਕੋਈ ਭੇਦ ਜ਼ਰੂਰ ਹੈ।

ਉਹਨੂੰ ਬੰਦਾ ਸਿੰਘ ਬਹਾਦਰ ਦੇ ਸ਼ਬਦ ਚੇਤੇ ਆਉਂਦੇ। ਬੰਦਾ ਸਿੰਘ ਨੇ ਇਹ ਸ਼ਬਦ ਸ਼ਾਹਬਾਜ਼ ਨੂੰ ਬੜੇ ਖੁਫੀਆ ਲਹਿਜੇ ਵਿਚ ਕਹੇ ਸਨ ਤੇ ਚਿਤਾਉਣੀ ਕਰਾਈ ਸੀ ਕਿ ਉਹ ਕਿਸੇ… ਕਿਸੇ ਨਾਲ ਵੀ ਇਸ ਬਾਰੇ ਜ਼ਿਕਰ ਨਾ ਕਰੇ।ਇਹ ਓਦੋਂ ਦੀ ਗੱਲ ਸੀ ਜਦੋਂ ਮਾਹਿਲ ਆਉਣ ਵੇਲੇ ਸ਼ਾਹਬਾਜ਼ ਸਿੰਘ ਬੰਦਾ ਸਿੰਘ ਨੂੰ ਸ਼ੁਭ ਵਿਦਾਇਗੀ ਕਹਿਣ ਗਿਆ ਸੀ।

‘ਬਾਬਾ ਜੀ! ਮੈਂ ਰਾਜ਼ੀ ਹੁੰਦਿਆਂ ਸਾਰ ਹੀ ਤੁਹਾਡੀ ਸੇਵਾ ਵਿਚ ਆ ਹਾਜ਼ਰ ਹੋਵਾਂਗਾ, ਭਾਵੇਂ ਤੁਸੀਂ ਸਹਾਰਨਪੁਰ ਹੋਵੋ ਭਾਵੇਂ ਕਿਤੇ ਹੋਰ।’

ਸ਼ਾਇਦ ਖਾਲਸਾ ਜੀ! ਅਸੀਂ ਸਭ ਦਿੱਲੀ ਹੀ ਹੋਈਏ…,’ਬੰਦਾ ਸਿੰਘ ਮੁਸਕਰਾਇਆ ਸੀ ਤੇ ਫਿਰ ਉਸ ਭੇਤ ਭਰੇ ਲਹਿਜੇ ਵਿਚ ਕਿਹਾ ਸੀ, ‘ਪਰ ਤੁਸੀਂ ਕਿਸੇ..ਕਿਸੇ ਨਾਲ ਵੀ ਦਿੱਲੀ ਦੀ ਮੁਹਿੰਮ ਬਾਰੇ ਗੱਲ ਨਹੀਂ ਕਰਨੀ।’

ਤੇ ਸ਼ਾਹਬਾਜ਼ ਨੇ ਆਗਿਆ ਦਾ ਪਾਲਣਾ ਕੀਤਾ। ਦਿੱਲੀ ਬਾਰੇ ਉਹਨੇ ਕਿਸੇ…ਕਿਸੇ ਨਾਲ ਵੀ ਕੋਈ ਗੱਲ ਨਹੀਂ ਕੀਤੀ। ਆਪਣੀ ਪਿਆਰੀ ਸ਼ੋਭੀ ਨੂੰ ਵੀ ਕੁਝ ਨਹੀਂ ਕਿਹਾ, ਉਂਜ ਦਿਲ ਵਿਚ ਉਹ ਸਦਾ ਖੁਸ਼ ਸੀ ਕਿ ਜਲਦੀ ਹੀ ਦਿੱਲੀ ਮਾਰੀ ਕਿ ਮਾਰੀ ਗਈ।

ਪਰ ਜਦੋਂ ਉਸ ਸੁਣਿਆ ਕਿ ਖਾਲਸਈ ਸੈਨਾ ਜਲਾਲਾਬਾਦ ਨੂੰ ਸਰ ਕਰਕੇ ਮੁੜ ਆਈ ਹੈ ਤਾਂ ਉਹਦਾ ਜੀ ਇਕ ਦੰਮ ਬੈਠ ਗਿਆ।
‘ਬਾਬਾ ਬੰਦਾ ਆਪਣੇ ਇਰਾਦਿਆਂ ਵਿਚ ਅਸਫਲ ਹੋਣ ਵਾਲਾ ਆਦਮੀ ਨਹੀਂ। ਕੀ ਘਟਨਾ ਵਾਪਰੀ ਹੈ। ਕੀ ਗੱਲ ਹੋਈ ਹੈ ? ਕੋਈ ਨਾ ਕੋਈ ਕਾਰਨ ਜ਼ਰੂਰ ਹੈ।’

ਉਹਨੂੰ ਲਗਾ ਕਿ ਜਿਵੇਂ ਬੰਦਾ ਉਦਾਸ ਹੈ, ਨਿਰਾਸ਼ ਹੈ। ਉਹਨੂੰ ਚੰਗਾ ਲਗਾ ਕਿ ਜਿਵੇਂ ਬੰਦੇ ਨੂੰ ਉਹਦੀ ਲੋੜ ਹੈ।

ਉਹ ਆਪ ਵੀ ਬੜਾ ਉਦਾਸ ਹੋ ਗਿਆ ਤੇ ਉਹਦਾ ਚਿਤ ਨਾ ਲਗੇ।

‘ਕੀ ਗੱਲ ਹੈ ਪ੍ਰਾਣ ?’ ਸ਼ੋਭੀ ਪੁਛਦੀ।

‘ਮੈਨੂੰ ਕੁਝ ਸਮਝ ਨਹੀਂ ਆਉਂਦੀ ਮੇਰੀ ਸ਼ੋਭੀ,’ ਸ਼ਾਹਬਾਜ਼ ਬਦਹਵਾਸ ਹੋਇਆ ਹੋਇਆ ਆਖਦਾ।

‘ਪਰ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ?’ ਸ਼ੋਭੀ ਮਜਬੂਰ ਕਰਦੀ।
‘ਹਾਂ ਸ਼ੋਭੀ! ਪਰ ਮੈਨੂੰ ਉਹ ਗੱਲ ਦੱਸਣ ਦੀ ਆਗਿਆ ਨਹੀਂ।’

ਹੋਰਨਾਂ ਨੇ ਵੀ ਸ਼ਾਹਬਾਜ਼ ਕੋਲੋਂ ਉਹਦੀ ਉਪਰਾਮਤਾ ਬਾਰੇ ਪੁਛਿਆ। ਪਰ ਕਿਸੇ ਨੂੰ ਵੀ ਉਸ ਤਸੱਲੀ-ਬਖਸ਼ ਜੁਆਬ ਨਾ ਦਿੱਤਾ,

ਇਕ ਦਿਨ ਸ਼ੋਭੀ ਨੇ ਬੜਾ ਮਜਬੂਰ ਕੀਤਾ,

ਤੁਹਾਨੂੰ ਮੇਰੀ ਸੋਂਹ! ਤੁਹਾਨੂੰ ਗੁਰੂ ਦੀ ਸੋਂਹ , ਮੈਨੂੰ ਜ਼ਰੂਰ ਦੱਸੋ।

‘ਸ਼ੋਭੀ ਮੇਰੀ ਪਿਆਰੀ! ਮੈਨੂੰ ਬਾਬਾ ਬੰਦਾ ਬੁਲਾ ਰਿਹਾ ਹੈ। ਮੈਂ ਬਹੁਤੇ ਦਿਨ ਹੋਰ ਤੇਰੇ ਕੋਲ ਨਹੀਂ ਰਹਿ ਸਕਦਾ-ਦਿੱਲੀ ਫਤਹ ਹੋਣੀ ਚਾਹੀਦੀ ਸੀ ਪਰ ਨਹੀਂ ਹੋਈ। ਕੋਈ ਕਾਰਨ ਜ਼ਰੂਰ ਹੈ। ਬਾਬਾ ਬੰਦੇ ਨੂੰ, ਸਿਖ ਪੰਥ ਨੂੰ, ਮੇਰੀ ਸੇਵਾ ਦੀ ਲੋੜ ਹੈ।'(ਚਲਦਾ)

ਜ਼ਰੂਰੀ ਨੋਟ: ਨਰਿੰਦਰਪਾਲ ਸਿੰਘ ਵੱਲੋਂ ਲਿਖੀ ਨਾਵਲ ਲੜੀ ਵਿਚੋਂ ੳਨ੍ਹਾਂ ਦੇ ਨਾਵਲ ‘ਖੰਨ੍ਹਿਉ ਤਿਖੀ’ ਨੂੰ ਕਿਸ਼ਤਾਂ ਦੇ ਰੂਪ ਵਿੱਚ ਛਾਪਿਆ ਜਾ ਰਿਹਾ ਹੈ। ਹਰ ਰੋਜ਼ ਇੱਕ ਕਿਸ਼ਤ ਛਾਪੀ ਜਾਵੇਗੀ।

ਜ਼ਰੂਰੀ ਨੋਟ: ਇਹ ਲਿਖਤ ਅਹਿਮ ਇਤਿਹਾਸਿਕ ਘਟਨਾ ਦਾ ਨਾਵਲ ਰੂਪ ਹੈ, ਜਿਸ ਨੂੰ ਨਾਵਲਕਾਰ ਨੇ ਆਪਣੀ ਸੋਚ ਅਨੁਸਾਰ ਇੱਕ ਕਹਾਣੀ ਦਾ ਰੂਪ ਦਿੱਤਾ ਹੈ। ਇਸ ਵਿਚਲੀਆਂ ਕੁਝ ਗੱਲਾਂ ਇਤਿਹਾਸਿਕ ਸੱਚ ਨਾਲੋਂ ਹਟਵੀਆਂ ਵੀ ਹੋ ਸਕਦੀਆਂ ਹਨ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS