ਚੰਡੀਗੜ੍ਹ, (ਜਾਗੋ ਪੰਜਾਬ ਬਿਊਰੋ): ਪੰਜਾਬ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਕਿਸਾਨਾਂ ਦਾ ਕਰਜ਼ਾ ਯਕਮੁਸ਼ਤ ਹੱਲ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਖੁੱਲ੍ਹਦਿਲੀ ਨਾਲ ਮਦਦ ਕਰਨ ’ਤੇ ਜ਼ੋਰ ਦਿੱਤਾ। ਇਸ ਸਬੰਧੀ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨੇ ਹੁੰਗਾਰਾ ਭਰਿਆ ਹੈ, ਪਰ ਇਸ ਮਾਮਲੇ ਬਾਰੇ ਵਫ਼ਦ ਮੈਂਬਰ ਚੁੱਪੀ ਤੋੜਨ ਲਈ ਤਿਆਰ ਨਹੀਂ ਹਨ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੱਖ ਸਕੱਤਰ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਵਫ਼ਦ ਨੇ ਭਾਰਤੀ ਰਿਜ਼ਰਵ ਬੈਂਕ ਦੇ ਦੋ ਡਿਪਟੀ ਗਵਰਨਰਾਂ ਤੇ ਹੋਰ ਅਧਿਕਾਰੀਆਂ ਨੂੰ ਕਿਸਾਨਾਂ ਦਾ ਕਰਜ਼ਾ ਯਕਮੁਸ਼ਤ ਹੱਲ ਕਰਨ ਲਈ ਮਦਦ ਦੇਣ ਲਈ ਕਿਹਾ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨੇ ਕੌਮੀਕ੍ਰਿਤ ਬੈਂਕਾਂ ਦੇ ਛੇ ਹਜ਼ਾਰ ਕਰੋੜ ਰੁਪਏ ਦਾ ਫ਼ਸਲੀ ਕਰਜ਼ਾ ਹੱਲ ਕਰਨ ਲਈ ਹੁੰਗਾਰਾ ਭਰਿਆ ਹੈ ਪਰ ਬੈਂਕ ਸਾਹਮਣੇ ਵੱਡੀ ਸਮੱਸਿਆ ਹੈ। ਜੇਕਰ ਉਹ ਪੰਜਾਬ ਦੇ ਕਿਸਾਨਾਂ ਦੇ ਯਕਮੁਸ਼ਤ ਕਰਜ਼ੇ ਸਬੰਧੀ ਕੋਈ ਫ਼ੈਸਲਾ ਕਰਦਾ ਹੈ ਤਾਂ ਅਜਿਹਾ ਹੀ ਫ਼ੈਸਲਾ ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੇ ਕਿਸਾਨਾਂ ਲਈ ਕਰਨਾ ਪਵੇਗਾ, ਕਿਉਂਕਿ ਇਨ੍ਹਾਂ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਕੀਤੇ ਹਨ।

ਵਫ਼ਦ ਨੇ ਨਾਬਾਰਡ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਹਿਕਾਰੀ ਬੈਂਕਾਂ ਦਾ ਕਿਸਾਨਾਂ ਵੱਲ 3600 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ ਤੇ ਸਰਕਾਰ ਇਸ ਕਰਜ਼ੇ ਦੀ ਰਕਮ ਮੋੜਨ ਲਈ ਨੈਸ਼ਨਲ ਕੋਆਪ੍ਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ ਕੋਲੋਂ ਏਨਾ ਹੀ ਕਰਜ਼ਾ ਲਵੇਗੀ। ਕਰਜ਼ਾ ਲੈਣ ਤੋਂ ਬਾਅਦ ਇਹ ਰਕਮ ਸਹਿਕਾਰੀ ਬੈਂਕਾਂ ਕੋਲ ਆ ਜਾਵੇਗੀ। ਨਾਬਾਰਡ ਨੂੰ ਸਹਿਕਾਰੀ ਬੈਂਕਾਂ ਦਾ ਕੰਮ-ਕਾਜ ਚੱਲਦਾ ਰੱਖਣ ਲਈ ਪੈਸਾ ਦੇਣਾ ਚਾਹੀਦਾ ਹੈ ਕਿਉਂਕਿ 31 ਜੁਲਾਈ ਤਕ ਕਰਜ਼ਾ ਦੇਣ ਦੀ ਆਖ਼ਰੀ ਤਰੀਕ ਹੈ। ਵਫ਼ਦ ਨੇ ਕਿਸਾਨ ਖ਼ੁਦਕੁਸ਼ੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨੀ ਦਾ ਗੰਭੀਰ ਸੰਕਟ ਹੱਲ ਕਰਨ ਲਈ ਮਦਦ ਦੀ ਲੋੜ ਹੈ।

Must Watch Video:

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS