ਆਕਲੈਂਡ, (ਜਾਗੋ ਪੰਜਾਬ ਬਿਊਰੋ): ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਵਿਅਕਤੀ ਦੇ ਕਿਰਪਾਨ ਪਾਈ ਦੇਖ ਕੇ ਪੁਲੀਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ। ਇਕ ਚਸ਼ਮਦੀਦ ਦੇ ਹਵਾਲੇ ਨਾਲ ‘ਨਿਊਜ਼ੀਲੈਂਡ ਹੈਰਲਡ’ ਨੇ ਲਿਖਿਆ, ‘ਅਸੀਂ ਸ਼ੀਸ਼ੇ ਤੋਂ ਬਾਹਰ ਦੇਖਿਆ ਤਾਂ ਪਿੱਛੇ ਪੁਲੀਸ ਦੀ ਕਾਰ ਹੂਟਰ ਮਾਰਦੀ ਆ ਰਹੀ ਸੀ ਅਤੇ ਹਥਿਆਰਬੰਦ ਵਿਅਕਤੀ ਸਾਡੇ ਆਲੇ ਦੁਆਲੇ ਸਨ। ਇਕ ਪੁਲੀਸ ਮੁਲਾਜ਼ਮ ਬੱਸ ਵਿੱਚ ਵੜਿਆ ਅਤੇ ਉਸ ਦੇ ਹੱਥ ਵਿੱਚ ਬੰਦੂਕ ਸੀ। ਉਸ ਨੇ ਇਕ ਵਿਅਕਤੀ ਨੂੰ ਕਿਹਾ ਕਿ ਆਪਣੇ ਹੱਥ ਉਪਰ ਕਰੇ ਤਾਂ ਜੋ ਉਹ ਉਸ ਨੂੰ ਦੇਖ ਸਕਣ ਅਤੇ ਬੱਸ ਵਿੱਚੋਂ ਬਾਹਰ ਨਿਕਲ ਜਾਵੇ।’

ਇਸ ਚਸ਼ਮਦੀਦ ਮੁਤਾਬਕ ਸਿੱਖ ਮੁਸਾਫ਼ਰ, ਜਿਸ ਦੀ ਉਮਰ 20 ਕੁ ਸਾਲ ਲੱਗਦੀ ਸੀ, ਦੇ ਸਿਰ ’ਤੇ ਦਸਤਾਰ ਸੀ ਅਤੇ ਉਸ ਨੇ ਕਿਰਪਾਨ ਪਾਈ ਹੋਈ ਸੀ। ਪੁਲੀਸ ਨੇ ਉਸ ਦੀ ਕਿਰਪਾਨ ਲਾਹ ਦਿੱਤੀ। ਪੁਲੀਸ ਦੀ ਤਰਜਮਾਨ ਨੇ ਦੱਸਿਆ ਕਿ ਇਕ ਵਿਅਕਤੀ ਨੇ ਕਿਰਪਾਨ ਦੇਖ ਕੇ ਪੁਲੀਸ ਬੁਲਾਈ ਸੀ। ਪੁਲੀਸ ਅਫ਼ਸਰਾਂ ਕੋਲ ਹਥਿਆਰ ਨਹੀਂ ਸਨ।

ਅਖ਼ਬਾਰ ਦੀ ਰਿਪੋਰਟ ਮੁਤਾਬਕ, ‘ਪੁਲੀਸ ਨੇ ਇਸ ਸਿੱਖ ਨਾਲ ਗੱਲਬਾਤ ਕੀਤੀ ਹੈ। ਉਸ ਕੋਲ ਕਿਰਪਾਨ ਸੀ ਅਤੇ ਉਹ ਨਿਊਜ਼ੀਲੈਂਡ ਵਿੱਚ ਕਾਨੂੰਨੀ ਤੌਰ ’ਤੇ ਰਹਿ ਰਿਹਾ ਹੈ। ਉਹ ਨਿਮਰ ਤੇ ਸਹਿਯੋਗੀ ਸੀ। ਇਸ ਮਾਮਲੇ ਵਿੱਚ ਅੱਗੇ ਹੋਰ ਕੋਈ ਕਾਰਵਾਈ ਨਹੀਂ ਕੀਤੀ ਗਈ।’ ਪੁਲੀਸ ਤਰਜਮਾਨ ਨੇ ਕਿਹਾ ਕਿ ਸਿੱਖ ਵਿਅਕਤੀ ਦੀ ਕਿਰਪਾਨ ਜ਼ਬਤ ਨਹੀਂ ਕੀਤੀ ਗਈ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS