ਨਿਊਯਾਰਕ, (ਜਾਗੋ ਪੰਜਾਬ ਬਿਊਰੋ): ਬਾਸਕਟਬਾਲ ਦੀ ਅੰਤਰਰਾਸ਼ਟਰੀ ਸੰਸਥਾ ਫੀਬਾ ਵਲੋਂ ਅਹਿਮ ਫੈਂਸਲਾ ਕਰਦਿਆਂ ਧਾਰਮਿਕ ਪਛਾਣ ਨਾਲ ਸਬੰਧਿਤ ਪੱਗ (ਪਟਕਾ) ਅਤੇ ਹਿਜਾਬ ਸਮੇਤ ਖਿਡਾਰੀਆਂ ਦੇ ਖੇਡਣ ‘ਤੇ ਲਾਈ ਗਈ ਰੋਕ ਨੂੰ ਹਟਾ ਲਿਆ ਗਿਆ ਹੈ। ਨਾਮੀਂ ਅਮਰੀਕੀ ਕਾਨੂੰਨਸਾਜ਼ਾਂ ਅਤੇ ਸਿੱਖ-ਅਮਰੀਕੀਆਂ ਨੇ ਸੰਸਥਾ ਦੇ ਇਸ ਫੈਂਸਲੇ ਦਾ ਸਵਾਗਤ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਹੈ।

ਕੌਮਾਂਤਰੀ ਬਾਸਕਟਬਾਲ ਫੈਡਰੇਸ਼ਨ (ਫੀਬਾ) ਵੱਲੋਂ ਬੀਤੇ ਦਿਨ ਕੀਤੇ ਇਸ ਐਲਾਨ ਨੂੰ ਅਜਿਹੇ  ਸਿੱਖ ਤੇ ਦੂਜੇ ਧਰਮਾਂ ਦੇ ਖਿਡਾਰੀਆਂ ਲਈ ਵੱਡਾ ਫ਼ੈਸਲਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਆਪਣੇ ਧਾਰਮਿਕ-ਸੱਭਿਆਚਾਰਕ ਚਿੰਨ੍ਹ ਪਹਿਨਣ ਕਾਰਨ   ਖੇਡਣ ਤੋਂ ਰੋਕ ਦਿੱਤਾ ਜਾਂਦਾ ਸੀ। ਅਮਰੀਕੀ ਕਾਂਗਰਸ ਦੇ ਮੈਂਬਰਾਂ ਜੋਅ ਕਰਾਉਲੀ ਤੇ ਐਮੀ ਬੇਰਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ‘‘ਸਿੱਖ ਤੇ ਦੂਜੇ ਧਰਮਾਂ ਦੇ ਵਿਦਿਆਥੀਆਂ ਨੂੰ ਆਪਣੇ ਅਕੀਦੇ ਨਾਲ ਸਬੰਧਤ ਚਿੰਨ੍ਹਾਂ ਦੀ ਇਜਾਜ਼ਤ ਦੇਣ ਦਾ ਫੀਬਾ ਦਾ ਫ਼ੈਸਲਾ ਸਵਾਗਤਯੋਗ ਹੈ।’’ ਫੀਬਾ ਦੇ ਲੰਬੇ ਚਿਰ ਤੋਂ ਉਡੀਕੇ ਜਾ ਰਹੇ ਇਸ ਫ਼ੈਸਲੇ ਤੋਂ ਪਹਿਲਾਂ ਵੀ ਇਨ੍ਹਾਂ ਦੋਵਾਂ ਡੈਮੋਕ੍ਰੈਟ ਕਾਨੂੰਨਸਾਜ਼ਾਂ ਨੇ ਅਪੀਲ ਕੀਤੀ ਸੀ ਕਿ ਸਿੱਖ ਖਿਡਾਰੀਆਂ ਪ੍ਰਤੀ ਇਸ ਵਿਤਕਰੇ-ਭਰੀ ਨੀਤੀ ਨੂੰ ਖ਼ਤਮ ਕੀਤਾ ਜਾਵੇ।

ਐਨਸੀਏਏ ਵਿੱਚ ਪਟਕਾ ਬੰਨ੍ਹ ਕੇ ਖੇਡਣ ਵਾਲੇ ਪਹਿਲੇ ਖਿਡਾਰੀ ਦਰਸ਼ ਪ੍ਰੀਤ ਸਿੰਘ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ, ‘‘ਹੁਣ ਮੇਰੇ ਅਕੀਦੇ ਤੇ ਬਾਸਕਟਬਾਲ ਖੇਡਣ ਦੀ ਮੇਰੀ ਸਮਰੱਥਾ ਵਿੱਚ ਕੋਈ ਟਕਰਾਅ ਨਹੀਂ ਰਿਹਾ।… ਫੀਬਾ ਦੇ ਇਸ ਫ਼ੈਸਲੇ ਤੋਂ ਮੈਂ ਰੁਮਾਂਚਿਤ ਹਾਂ।’’ ਇਸੇ ਤਰ੍ਹਾਂ ਸਿੱਖ ਜਥੇਬੰਦੀ ਸਿੱਖ ਕੁਲੀਸ਼ਨ ਦੇ ਸਿਮਰਨ ਜੀਤ ਸਿੰਘ ਨੇ ਕਿਹਾ, ‘‘ਫੀਬਾ ਨੇ ਸਾਰੀ ਦੁਨੀਆਂ ਨੂੰ ਸਾਫ਼ ਸੁਨੇਹਾ ਦਿੱਤਾ ਹੈ ਕਿ ਖੇਡਾਂ ਵਿੱਚ ਅਨੇਕਤਾ ਤੇ ਸਹਿਣਸ਼ੀਲਤਾ ਦੀ ਅਹਿਮੀਅਤ ਹੈ।’’ ਸਿੱਖ ਅਮੈਰਿਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਵੀ ਇਸ ਦਾ ਸਵਾਗਤ ਕੀਤਾ ਹੈ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS