ਭਾਰਤੀ ਫੌਜ ਵਲੋਂ ਮਨੁੱਖੀ ਢਾਲ ਵਜੋਂ ਵਰਤੇ ਜਾ ਰਹੇ ਕਸ਼ਮੀਰੀ ਨੌਜਵਾਨ ਦੀ ਤਸਵੀਰ

ਇੰਜੀਨੀਅਰ ਰਸ਼ੀਦ

ਇਹ 19 ਜੁਲਾਈ 1997 ਦੀ ਇਕ ਸੋਹਣੀ ਸ਼ਾਮ ਸੀ, ਜਿਸ ਦਿਨ ਮੁਹੰਮਦ ਸਾਹਿਬ ਦਾ ਜਨਮ ਦਿਨ ਈਦ ਮਿਲਾਦ ਸੀ। ਆਮ ਵਾਂਗ ਪਿੰਡ ਦੇ ਦਰਜਨਾਂ ਲੋਕ, ਖਾਸ ਕਰਕੇ ਨੌਜਵਾਨ ਮੇਰੇ ਪਿੰਡ ਵਿਚਲੀ ਮੇਰੇ ਜੀਜਾ ਦੀ ਮਾਲਕੀ ਵਾਲੀ ਦੁਕਾਨ ਦੇ ਲੱਕੜ ਦੇ ਬੈਂਚਾਂ’ ਤੇ ਬੈਠੇ, ਵੱਖ-ਵੱਖ ਮੁੱਦਿਆਂ ‘ਤੇ ਚਰਚਾ ਅਤੇ ਬਹਿਸ ਕਰਨ ਵਿਚ ਰੁੱਝੇ ਹੋਏ ਸਨ, ਹਾਲਾਂਕਿ ਮੁੱਖ ਮੁੱਦਾ ਈਦ ਮਿਲਾਦ ਨੂੰ ਮਨਾਉਣ ਲਈ ਪ੍ਰਬੰਧ ਕਰਨ ਦਾ ਸੀ। ਅਚਾਨਕ ਉਸ ਥਾਂ ਤੋਂ ਕਰੀਬ 300 ਮੀਟਰ ਦੂਰ ਜੰਗਲ ਵਿਚੋਂ ਕੁਝ ਗੋਲੀਆਂ ਚੱਲਣ ਦੀ ਅਵਾਜ਼ ਆਈ। ਹਰ ਕੋਈ ਬਿਨ੍ਹਾਂ ਸਮਾਂ ਗਵਾਇਆਂ ਘਰੋ-ਘਰੀ ਭੱਜ ਗਿਆ ਅਤੇ ਹਨੇਰੇ ਦੇ ਭੂਤ ਨੇ ਨਿਰਦੋਸ਼ ਪੇਂਡੂਆਂ ਦੇ ਡਰ ਨੂੰ ਹੋਰ ਵਧਾ ਦਿੱਤਾ।

ਕਿਸੇ ਨੂੰ ਨਹੀਂ ਪਤਾ ਕਿ ਕੀ ਹੋਇਆ ਸੀ। ਕੁਝ ਦੇਰ ਦੇ ਸੱਨਾਟੇ ਤੋਂ ਬਾਅਦ ਸਾਰੇ ਪਿੰਡ ਵਿਚ ਚੀਖ ਚਿਹਾੜਾ ਸ਼ੁਰੂ ਹੋ ਗਿਆ। ਫੌਜ ਨੇ ਸਾਰੇ ਪਾਸਿਓਂ ਪਿੰਡ ਵਿਚ ਦਾਖ਼ਲ ਹੋ ਕੇ ਹਰ ਘਰ ਦੀ ਲੁੱਟਮਾਰ ਕੀਤੀ। ਪਿੰਡ ਦੇ ਸੈਂਕੜੇ ਲੋਕ ਜਿਹਨਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ ਇਸ ਆਸ ਨਾਲ ਸਾਡੇ ਘਰ ਦੇ ਵਿਹੜੇ ਵਿਚ ਇਕੱਠੇ ਹੋ ਗਏ ਕਿ ਮੈਂ ਉਨ੍ਹਾਂ ਨੂੰ ਆਮ ਵਾਂਗ ਫੌਜ ਦੇ ਗੁੱਸੇ ਤੋਂ ਬਚਾ ਲਵਾਂਗਾ, ਪਰ ਇਸ ਸਮੇਂ ਇਹ ਆਸ ਦੇ ਵਿਰੁੱਧ ਆਸ ਸੀ। ਰਾਤ ਦੇ 10:30 ਦਾ ਸਮਾਂ ਸੀ, 30 ਆਰ.ਆਰ. (ਰਾਜਪੁਤਾਨਾ ਰਾਈਫਲਜ਼) ਦੇ ਫੌਜੀਆਂ ਨੇ ਸਾਡੇ ਘਰ ਵਿਚ ਦਾਖਲ ਹੋ ਕੇ ਲੁੱਟਮਾਰ ਕੀਤੀ। ਮੈਂ ਉਹਨਾਂ ਭਿਆਨਕ ਪਲਾਂ ਨੂੰ ਨਹੀਂ ਭੁਲਾ ਸਕਦਾ ਜਦੋਂ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਬਖਸ਼ਿਆ ਗਿਆ। ਇੱਕ ਫੌਜੀ ਨੇ ਮੇਰੀ ਪਤਨੀ ਨੂੰ ਵਾਲਾਂ ਤੋਂ ਖਿੱਚਿਆ ਅਤੇ ਮੇਰੀ ਮਾਂ ਦੇ ਲੱਤਾਂ ਮਾਰੀਆਂ। ਮੇਰੇ ਵੀ ਲੱਤਾਂ ਮਾਰੀਆਂ ਗਈਆਂ ਅਤੇ ਇਸ ਤੋਂ ਪਹਿਲਾਂ ਕਿ ਮੈਂ ਕੋਈ ਸ਼ਬਦ ਬੋਲਦਾ, ਸਭ ਤੋਂ ਭਿਆਨਕ ਇਖਵਾਨੀ ਕਮਾਂਡਰ ਮੰਜੂਰ ਭੱਟ ਨੇ ਮੈਨੂੰ ਗਰਦਨ ਤੋਂ ਫੜ ਕੇ ਮੇਰਾ ਸਿਰ ਦੱਬ ਲਿਆ ਅਤੇ ਜੋ ਲੋਕ ਮੇਰੇ ਵਿਹੜੇ ਵਿਚ ਆਪਣੀ ਜਾਨ ਅਤੇ ਇੱਜਤ ਬਚਾਉਣ ਆਏ ਸੀ, ਅੱਖਾਂ ਵਿਚ ਹੰਝੂਆਂ ਅਤੇ ਚਿਹਰਿਆਂ ‘ਤੇ ਡਰ ਲੈ ਕੇ ਮੇਰੀ ਖੁਦ ਦੀ ਲਾਚਾਰੀ ਨੂੰ ਦੇਖ ਰਹੇ ਸੀ।

ਜੰਗਲ ਦੇ ਤਲ ਦੇ ਨੇੜੇ ਕੁਝ ਦੋ ਸੌ ਮੀਟਰ ਚੱਲਣ ਤੋਂ ਬਾਅਦ, ਮੈਨੂੰ ਜ਼ਮੀਨ ‘ਤੇ ਲੰਬਾ ਪੈਣ ਲਈ ਕਿਹਾ ਗਿਆ। ਮੈਂ ਉੱਥੇ ਦੋ ਸੌ ਦੇ ਕਰੀਬ ਨੌਜਵਾਨ ਅਤੇ ਬੁੱਢੇ ਮਰਦਾਂ ਨੂੰ ਪਹਿਲਾਂ ਹੀ ਲੰਬੇ ਪਏ ਵੇਖਿਆ ਅਤੇ ਫੌਜੀ ਜਵਾਨ ਉਹਨਾਂ ਨੂੰ ਨਾ ਸਿਰਫ ਆਪਣੇ ਬੰਦੂਕ ਦੇ ਬੱਟਾਂ ਨਾਲ ਕੁੱਟ ਰਹੇ ਸੀ ਬਲਕਿ ਕੁਝ ਇਖ਼ਵਾਨੀ (ਕਾਉਂਟਰ ਇਨਸਰਜੈਂਟਸ) ਹੋਰ ਵੀ ਬੁਰੇ ਤਰੀਕੇ ਵਰਤ ਰਹੇ ਸਨ। ਅਸੀਂ ਗੋਲੀਆਂ ਦੀ ਆਵਾਜ਼ ਸੁਣ ਸਕਦੇ ਸਾਂ ਅਤੇ ਹਰੇਕ ਬੰਦੂਕ ਦੀ ਗੋਲੀ ਦੇ ਬਾਅਦ ਸਾਨੂੰ ਬੇਇੱਜ਼ਤੀ ਅਤੇ ਤਸੀਹਿਆਂ ਦੇ ਭਿਆਨਕ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਾਤ ਦੇ 2 ਵਜੇ ਦਾ ਸਮਾਂ ਸੀ ਜਦੋਂ ਸੰਸਾਰ ਭਰ ਵਿਚ ਮੁਸਲਮਾਨ ਮੁਕਤੀ ਦੀ ਪਵਿੱਤਰ ਰਾਤ ਦੌਰਾਨ ਪ੍ਰਾਰਥਨਾ ਕਰ ਰਹੇ ਸੀ, ਮਨਜ਼ੂਰ ਨੇ ਮੈਨੂੰ ਅਤੇ ਤਿੰਨ ਹੋਰ ਨੌਜਵਾਨਾਂ ਮੁਹੰਮਦ ਜਮਾਲ ਦਾਰ (ਇੱਕ ਰੋਟੀ ਬਣਾਉਣ ਵਾਲਾ), ਮੁਹੰਮਦ ਵਾਨੀ ਅਤੇ ਮੁਹੰਮਦ ਸੁਲਤਾਨ ਵਾਨੀ (ਦੋਵੇਂ ਜੰਗਲ ਗਾਰਡ) ਨੂੰ ਹੁਕਮ ਉੱਠਣ ਦਾ ਹੁਕ ਦਿੱਤਾ। ਸਾਨੂੰ ਦੁਸ਼ਮਣ ਫ਼ੌਜਾਂ ਦੇ ਇਕ ਸਮੂਹ ਨੂੰ ਸੌਂਪ ਦਿੱਤਾ ਗਿਆ ਅਤੇ ਸਾਨੂੰ ਤੁਰਨ ਦਾ ਹੁਕਮ ਦਿੱਤਾ ਗਿਆ। ਸਾਡੇ ਹੱਥ ਪਿੱਠ ਪਿੱਛੇ ਬੰਨ੍ਹ ਕੇ ਇੱਕ-ਇੱਕ ਐਲ.ਐਮ.ਜੀ. ਸਾਡੇ ਸੱਜੇ ਮੋਢਿਆਂ ‘ਤੇ ਰੱਖ ਦਿੱਤੀ ਗਈ। ਪਿੰਡ ਦੇ ਬਾਹਰਵਾਰ ਸਾਨੂੰ ਝੋਨੇ ਦੇ ਖੇਤਾਂ ਵਿਚ ਲੰਬੇ ਪੈਣ ਲਈ ਕਿਹਾ ਗਿਆ।

ਫੌਜ ਨੇ ਜੰਗਲ ਦੇ ਇਕ ਹਿੱਸੇ ਨੂੰ ਘੇਰ ਲਿਆ ਸੀ ਅਤੇ ਸਾਨੂੰ ਉਸ ਪਾਸੇ ਅੱਗੇ ਕਰ ਦਿੱਤਾ ਗਿਆ ਜਿਸ ਪਾਸੇ ਖਾੜਕੂ ਫੌਜ ਉੱਤੇ ਗੋਲੀਆਂ ਚਲਾ ਰਹੇ ਸਨ। ਭਿਆਨਕ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਸਾਡੇ ਮੋਢਿਆਂ ਤੇ ਰੱਖੀਆਂ ਬੰਦੂਕਾਂ ਰਾਹੀਂ ਫੌਜੀ ਜਵਾਨਾਂ ਨੇ ਖਾੜਕੂਆਂ ਵੱਲ ਸੈਂਕੜੇ ਗੋਲੀਆਂ ਚਲਾਈਆਂ ਅਤੇ ਜਿਸ ਦੇ ਜਵਾਬ ਵਿਚ ਖਾੜਕੂਆਂ ਵਲੋਂ ਵੀ ਗੋਲੀਆਂ ਚਲਾਈਆਂ ਗਈਆਂ ਅਤੇ ਗੋਲੀਆਂ ਸਾਡੇ ਸਿਰਾਂ ਉਪਰ ਸਿਰਫ਼ ਕੁਝ ਮੀਟਰ ਦੀ ਦੂਰੀ ਉੱਤੇ ਲੰਘ ਰਹੀਆਂ ਸਨ। ਸਾਨੂੰ ਪੱਕਾ ਸੀ ਕਿ ਅਸੀਂ ਮਾਰੇ ਜਾਵਾਂਗੇ, ਪਰ ਕਰਾਮਾਤਾਂ ਹੁੰਦੀਆਂ ਹਨ ਅਤੇ ਇਹ ਇਸ ਸਮੇਂ ਵੀ ਵਾਪਰੀ। ਅਸੀਂ ਸਾਰੇ ਬਚ ਗਏ ਪਰ ਇਹ ਮੁਕਾਬਲਾ ਖਤਮ ਹੋਣ ਲਈ 27 ਘੰਟੇ ਲੱਗੇ।

ਦੋ ਹਥਿਆਰਬੰਦ ਖਾੜਕੂਆਂ ਦੀਆਂ ਲਾਸ਼ਾਂ ਉਸ ਜਗ੍ਹਾ ਤੋਂ ਸਿਰਫ ਦੋ ਸੌ ਮੀਟਰ ਦੂਰੀ ‘ਤੇ ਪਈਆਂ ਸਨ, ਜਿੱਥੇ ਲਗਾਤਾਰ 27 ਘੰਟਿਆਂ ਲਈ ਸਾਨੂੰ ਭਿਆਨਕ ਮਨੁੱਖੀ ਢਾਲ ਵਜੋਂ ਵਰਤਿਆ ਗਿਆ ਸੀ। ਪੱਖਪਾਤੀ ਨਾ ਹੋਣ ਦੇ ਬਾਵਜੂਦ ਮੈਂ ਮਾਰੇ ਗਏ ਖਾੜਕੂਆਂ ਨੂੰ ਪੂਰੀ ਸ਼ਰਧਾਂਜਲੀ ਦੇਵਾਂਗਾ, ਜਿਹਨਾਂ ਨੇ ਇਹ ਦੇਖ ਕੇ ਕਿ ਆਮ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਜਾ ਰਿਹਾ ਸੀ, ਜ਼ੋਰ ਨਾਲ ਅਵਾਜ਼ ਮਾਰ ਕੇ ਸਾਨੂੰ ਸਹਿਜ ਰੱਖਣ ਲਈ ਕਿਹਾ ਅਤੇ ਵਾਅਦਾ ਕੀਤਾ ਕਿ ਉਹ ਸਾਡੇ ‘ਤੇ ਗੋਲੀ ਨਹੀਂ ਚਲਾਉਣਗੇ। ਇਹ ਕਹਾਣੀ ਕੇਵਲ ਵਿਸ਼ਵ ਭਾਈਚਾਰੇ ਨੂੰ ਅਤੇ ਉਹਨਾਂ ਨੂੰ ਦੱਸਣ ਲਈ ਹੈ ਜਿਹੜੇ ਬੀਤੇ ਦਿਨੀਂ ਸਾਹਮਣੇ ਆਈ ਮਨੁੱਖੀ ਢਾਲ ਦੀ ਬੇਰੂਆ ਘਟਨਾ ਨੂੰ ਕੁਝ ਨਵਾਂ ਸਮਝਦੇ ਹਨ, ਇਸ ਤਰ੍ਹਾਂ ਦੀਆਂ ਗੰਦੀਆਂ ਅਤੇ ਸ਼ਰਮਨਾਕ ਘਟਨਾਵਾਂ ਉਸੇ ਦਿਨ ਤੋਂ ਹੀ ਅਮਲ ਵਿਚ ਹਨ ਜਦੋਂ ਤੋਂ ਕਸ਼ਮੀਰ ਵਿਚ ਖਾੜਕੂਵਾਦ ਸਾਹਮਣੇ ਆਇਆ ਹੈ। ਪਰ ਮੀਡੀਆ ਦੇ ਢਿੱਲ ਕਾਰਨ ਅਤੇ ਗਤੀਸ਼ੀਲ ਸੋਸ਼ਲ ਮੀਡੀਆ ਦੀਆਂ ਲੋੜਾਂ ਲਈ ਅਜਿਹੀਆਂ ਘਟਨਾਵਾਂ ਫੋਕਸ ਪ੍ਰਾਪਤ ਨਹੀਂ ਕਰ ਸਕੀਆਂ। ਇਹ ਇਕ ਸਥਾਪਿਤ ਤੱਥ ਹੈ ਕਿ ਬਾਰਾਮੂਲਾ ਤੋਂ ਨੌਗਾਮ ਅਤੇ ਹੋਰ ਫੌਜੀ ਕੈਂਪਾਂ ਵਿਚ ਫੌਜ ਦੇ ਕਾਫਲੇ ਨੂੰ ਸੁਰੱਖਿਅਤ ਰਾਹ ਯਕੀਨੀ ਬਣਾਉਣ ਲਈ ਲੰਗੇਟ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਹਰ ਰੋਜ਼ ਲਗਭਗ ਤਿੰਨ ਸੌ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਜਾਂਦਾ ਸੀ।

ਇਹ ਗੰਦੇ ਅਤੇ ਸ਼ਰਮਨਾਕ ਓਪਰੇਸ਼ਨ 1990 ਤੋਂ 13 ਸਾਲਾਂ ਤਕ ਚਲਦੇ ਰਹੇ ਅਤੇ ਇਹ 3 ਫਰਵਰੀ 2003 ਨੂੰ ਵੱਡੇ ਵਿਰੋਧ ਦੇ ਬਾਅਦ ਹੀ ਬੰਦ ਹੋ ਸਕੇ। 13 ਸਾਲ ਮਜ਼ਦੂਰਾਂ ਅਤੇ ਮਨੁੱਖੀ ਢਾਲਿਆਂ ਵਜੋਂ ਵਰਤਣ ਲਈ ਮੁਆਵਜ਼ੇ ਦੀ ਮੰਗ ਕਰਦੇ ਹੋਏ ਐਸਐਚਆਰਸੀ ਅੱਗੇ ਸਾਲ 2009 ਤੋਂ ਕੇਸ ਚੱਲ ਰਿਹਾ ਹੈ ਜਿਸਦਾ ਆਖਰੀ ਫੈਂਸਲਾ ਆਉਣਾ ਅਜੇ ਬਾਕੀ ਹੈ। ਬਾਕੀ ਦਿੱਲੀ ਨੂੰ ਇਹ ਫੈਸਲਾ ਕਰਨ ਦੇਣਾ ਚਾਹੀਦਾ ਹੈ ਕਿ ਕੀ ਉਹ ਗੰਦੇ ਅਤੇ ਗੈਰਮਨੁੱਖੀ ਕੰਮਾਂ ਨਾਲ ਹੋਰ ਬਦਨਾਮੀ ਖੱਟਣਾ ਚਾਹੁੰਦੀ ਹੈ, ਸੁਬਰਾਮਿਨਮ ਸਵਾਮੀ ਵਰਗੇ ਮਾਨਸਿਕ ਤੌਰ ‘ਤੇ ਬਿਮਾਰ ਲੋਕਾਂ ਨੂੰ ਕਸ਼ਮੀਰ ਨੂੰ ਉਜਾੜਨ ਵਰਗੇ ਬਿਆਨ ਦੇਣ ਦੀ ਖੁੱਲ੍ਹ ਦੇਣਾ ਚਾਹੁੰਦੀ ਹੈ ਜਾ ਇਹ ਆਪਣੀਆਂ ਗ਼ਲਤੀਆਂ ਨੂੰ ਠੀਕ ਕਰਨਾ ਚਾਹੁੰਦੀ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਲਈ ਮੁਆਫੀ ਮੰਗਣਾ ਚਾਹੁੰਦੀ ਹੈ, ਖਾਸ ਤੌਰ ‘ਤੇ ਕਸ਼ਮੀਰੀਆਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਲਈ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS