ਗਜਿੰਦਰ ਸਿੰਘ, (ਦਲ ਖਾਲਸਾ)
ਕੁੱਝ ਦਿਨ ਪਹਿਲਾਂ ਮੇਰੀ ਇੱਕ ਪੋਸਟ ਤੇ ਸ.ਕਰਮਜੀਤ ਸਿੰਘ ਜੀ ਨੇ ਦੋ ਤਿੰਨ ਵਾਰ ਕਮੈਂਟ ਕਰ ਕੇ ਮੈਨੂੰ ਉਪਰੋਕਤ ਲਫਜ਼ਾਂ ਨਾਲ ਟੁੰਭਣ ਦੀ ਕੋਸ਼ਿਸ਼ ਕੀਤੀ ਹੈ । ਇਹਨਾਂ ਲਫਜ਼ਾਂ ਵਿੱਚ ਯਕੀਨਨ ਉਹਨਾਂ ਦਾ ਪਿਆਰ ਹੀ ਝਲਕਦਾ ਹੈ । ਮੈਂ ਕਈ ਵਾਰ ਸੋਚਿਆ ਕਿ ਉਹਨਾਂ ਨੂੰ ਕੀ ਜਵਾਬ ਦਿਆਂ, ਤੇ ਅਖੀਰ ਮੈਨੂੰ ਕੁੱਝ ਸਾਲ ਪਹਿਲਾਂ, ਜੱਥੇਬੰਦੀ ਦੇ ਇੱਕ ਇਕੱਠ ਲਈ ਸੁਨੇਹੇ ਦੇ ਰੂਪ ਵਿੱਚ ਲਿਖਿਆ ਆਪਣਾ ਲੇਖ ‘ਜਲਾਵਤਨੀ ਤੋਂ ਆਜ਼ਾਦੀ ਵੱਲ’ ਯਾਦ ਆਇਆ । ਇਹ ਲੇਖ ਕੱਢ ਕੇ ਦੁਬਾਰਾ ਪੜ੍ਹਿਆ, ਤੇ ਲੱਗਾ ਕਿ ਉਹਨਾਂ ਦੇ ਸਵਾਲ ਦਾ ਜਵਾਬ ਇਸ ਵਿੱਚ ਮੌਜੂਦ ਹੈ । ਇਸ ਲੇਖ ਤੋਂ ਬਾਦ ਨਾ ਹਾਲਾਤ ਬਦਲੇ ਹਨ, ਤੇ ਨਾ ਮੇਰੀ ਸੋਚ, ਸੋ ਇਸ ਵਿੱਚੋਂ ਹੀ ਕੁੱਝ ਚੋਣਵੇਂ ਹਿੱਸੇ ਹਾਜ਼ਰ ਕਰ ਰਿਹਾ ਹਾਂ ।

” ਅੱਜ ਮੈਂ ਜਲਾਵਤਨੀ ਵਿੱਚ ਹਾਂ, ਪਿੱਛਲੇ 35/36 ਸਾਲ ਤੋਂ, ਨਹੀਂ, ਸ਼ਾਇਦ ਓਦੋਂ ਤੋਂ ਹੀ, ਜਦੋਂ ਮੈਂ ਹੋਸ਼ ਸੰਭਾਲੀ ਸੀ, ਤੇ ਆਪਣੇ ਘਰ ਦਾ ਸੁਪਨਾ ਲਿੱਤਾ ਸੀ । ਦੁਨੀਆਂ ਵਿੱਚ ਅਜਿਹੇ ਲੋਕ ਬਹੁਤ ਥੋੜੇ ਹੀ ਹੁੰਦੇ ਹਨ, ਜਿਹੜੇ ਮਾਨਸਿਕ ਜਲਾਵਤਨੀ ਨਾਲ, ਸਰੀਰਕ ਜਲਾਵਤੀ ਵੀ ਹੰਢਾਉਂਦੇ ਹਨ ।

ਜਲਾਵਤਨੀ ਇੱਕ ਮਾਨਸਿਕਤਾ ਹੁੰਦੀ ਹੈ, ਮੇਰੇ ਵਰਗੇ ਸਰੀਰਕ ਜਲਾਵਤਨੀ ਭੋਗਣ ਵਾਲੇ ਬੇਸ਼ੱਕ ਘੱਟ ਹੁੰਦੇ ਹਨ, ਪਰ ਮਾਨਸਿਕ ਜਲਾਵਤਨੀ ਕੱਟਣ ਵਾਲਿਆਂ ਦੀ ਗਿਣਤੀ ਦੀ ਕੋਈ ਕਮੀ ਨਹੀਂ ਹੈ, ਨਾ ਸਾਡੀ ਕੌਮ ਵਿੱਚ, ਨਾ ਦੁਨੀਆਂ ਵਿੱਚ । ਸਿੱਖੀ ਮੈਨੂੰ ਮੇਰੇ ਪਰਿਵਾਰ ਵਿੱਚੋਂ ਮਿਲੀ ਹੈ, ਜਜ਼ਬਾ ਮੈਨੂੰ ਮੇਰੀ ਮਾਂ ਨੇ ਦਿੱਤਾ ਹੈ, ਸੋਚ ਸਿਰਦਾਰ ਕਪੂਰ ਸਿੰਘ ਰਾਹੀਂ ਮਿਲੀ ਹੈ, ਤੇ ਇਸ ਸੋਚ ਨੂੰ ਘੜਿਆ ਹੈ, ਮੇਰੇ ਆਪਣੇ ਹੰਢਾਏ ਤਜਰਬਿਆਂ ਨੇ, ਸੰਤਾਪਾਂ ਨੇ । ਆਪਣੇ ਘਰ ਦੀ ਤਲਾਸ਼ ਵਿੱਚ ਮੈਂ ਉਦੋਂ ਹੀ ਨਿਕਲ ਪਿਆ ਸਾਂ, ਜਦੋਂ ਮੈਂ ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਪੜ੍ਹਦਾ ਸਾਂ, ਤੇ ਮੇਰੀ ਉਮਰ 16/17 ਸਾਲ ਸੀ । ਸੋਚ ਦੇ ਸਫਰ ਨੇ ਹੀ ਪੈਰਾਂ ਨੂੰ ਸਫਰ ਲਈ ਤਿਆਰ ਕੀਤਾ, ਤੇ ਇਹੀ ਸਫਰ ਮੇਰੀ ਜਲਾਵਤਨੀ ਦਾ ਸਫਰ ਸੀ, ਜੋ ਜਾਰੀ ਹੈ, ਤੇ ਜਾਰੀ ਰਹੇਗਾ, ‘ਆਪਣੇ ਘਰ ਅਪੜ੍ਹਨ ਤੱਕ’ ।
………………..

29 ਸਤੰਬਰ 1981 ਤੋਂ ਸਰੀਰਕ ਜਲਾਵਤੀ ਸ਼ੁਰੂ ਹੋਈ ਸੀ, ਜਿਸ ਤੋਂ ਬਾਦ ਆਪਣੇ ਪਰਿਵਾਰ ਨਾਲ ਮੇਰਾ ਹਕੀਕੀ ਰਾਬਤਾ ਕਦੇ ਨਹੀਂ ਰਿਹਾ । ਮਾਂ ਪਿਓ ਦੁਨੀਆਂ ਛੱਡ ਗਏ, ਮੈਂ ਜੇਲ੍ਹ ਵਿੱਚ ਬੈਠੇ ਨੇ ਉਹਨਾਂ ਲਈ ਅਰਦਾਸ ਕਰ ਕੇ ਮੰਨ ਨੂੰ ਧਰਵਾਸ ਦੇ ਲਈ, ਤੇ ਪਤਾ ਨਹੀਂ ਹੋਰ ਕਿੰਨੇ ਹੀ ਪਿਆਰਿਆਂ ਤੇ ਪਿਆਰ ਕਰਨ ਵਾਲਿਆਂ ਦੇ ਵਿਛੋੜੇ ਭੋਗੇ ਹਨ, ਇਸ ਜੇਲ੍ਹ ਤੇ ਜਲਾਵਤਨੀ ਦੌਰਾਨ ।
……………..

ਤੁਸੀਂ ਸਾਰੇ ਵੀ ਮੇਰੇ ਵਾਂਗ ਹੀ ਜਲਾਵਤਨੀ ਭੋਗ ਰਹੇ ਹੋ । ਤੁਹਾਡੇ ਸਰੀਰ ਭਾਵੇਂ ਕਿਤੇ ਵੀ ਹੋਣ, ਕੁੱਝ ਵੀ ਕਰ ਰਹੇ ਹੋਣ, ਤੁਹਾਡੀਆਂ ਸੋਚਾਂ, ਤੁਹਾਡੀਆਂ ਰੂਹਾਂ ਕਿਤੇ ਹੋਰ ਹੁੰਦੀਆਂ ਹਨ । ਤੁਸੀਂ ਵੀ ਮੇਰੇ ਵਾਂਗ ਸੁਪਨੇ ਲੈਣ ਵਾਲੇ ਲੋਕ ਹੋ, ਫਰਕ ਸਿਰਫ ਇਹ ਹੈ ਕਿ ਤੁਹਾਡੀਆਂ ਮਜਬੂਰੀਆਂ ਨੇ ਤੁਹਾਡੇ ਸੁਪਨੇ ਡੱਕੇ ਹੋਏ ਹਨ, ਆਪੋ ਆਪਣੀਆਂ ਨੀਂਦਰਾਂ ਅੰਦਰ । ਤੁਸੀਂ ਸ਼ਾਇਦ ਉਸ ਦਿਨ ਦੀ ਉਡੀਕ ਕਰ ਰਹੇ ਹੋ, ਜਦੋਂ ਕੋਈ ਆਏ, ਕੋਈ ਸਮਾਂ, ਕੋਈ ਯੋਧਾ ਸੰਗਲ ਤੋੜਨ ਵਾਲਾ, ਤੇ ਤੁਹਾਡੇ ਸੁਪਨੇ ਤੁਹਾਡੀਆਂ ਨੀਂਦਰਾਂ ਚੋਂ ਕੱਢ ਕੇ ਧਰਤੀ ਉਤੇ ਉਲੀਕ ਦੇਵੇ । ਮੇਰੇ ਵੀਰੋ ਯਕੀਨ ਕਰਿਓ, ਉਹ ਦਿਨ ਜ਼ਰੂਰ ਆਵੇਗਾ, ਜ਼ਰੂਰ ਆਵੇਗਾ ….

ਇੱਕ ਦਿਨ ਸਾਡੇ ਘਰ ਵੀ ਚਾਨਣ ਹੋਵੇਗਾ, ਮੂੰਹ ਸਾਡੇ ਬਚਿਆਂ ਦੇ ਚਾਨਣ ਧੋਵੇਗਾ
ਇੱਕ ਦਿਨ ਸਾਡੀ ਪੱਤਝੜ੍ਹ ਵੀ ਮੁੱਕ ਜਾਵੇਗੀ, ਇੱਕ ਦਿਨ ਸਾਡੇ ਲਈ ਬਸੰਤ ਵੀ ਆਵੇਗੀ ।
………………

ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਇੱਕ ਗੱਲ ਸੁਣਾਉਣੀ ਚਾਹਾਂਗਾ । ਜੇਲ੍ਹ ਦੀ ਰਿਹਾਈ ਤੋਂ ਬਾਦ ਇੱਕ ਵਾਰ ਦੋ ਲੇਖਕ ਦੋਸਤਾਂ ਨਾਲ ਮੁਲਾਕਾਤ ਹੋ ਗਈ । ਇਹ ਦੋਸਤ ਕਹਿੰਦੇ, “ਗਜਿੰਦਰ ਘਰ ਪਰਤਣ ਤੇ ਦਿੱਲ ਨਹੀਂ ਕਰਦਾ?” ਮੈਂ ਕਿਹਾ, “ਕੀ ਹੋ ਸਕਦਾ ਹੈ ਕਿ ਨਾ ਕਰਦਾ ਹੋਵੇ?” । ਪਰ ਕਿਹੜੇ ਘਰ ਪਰਤਣ ਦੀ ਗੱਲ ਕਰਦੇ ਹੋ? ਉਹ ਘਰ ਜਿਸ ਘਰ ਵਿੱਚ ਰਹਿ ਕੇ ਵੀ ਅਸੀਂ ‘ਬੇਘਰੇ ਰਹੇ, ਜਲਾਵਤਨ ਰਹੇ’?
ਘਰ ਪਰਤਾਂ ਗੇ, ਪਰ ਉਸ ਦਿਨ, ਜਿਸ ਦਿਨ ਉਹ ਘਰ “ਆਪਣਾ ਘਰ ਹੋਵੇਗਾ” ।

ਸ. ਕਰਮਜੀਤ ਸਿੰਘ ਜੀ, ਮੇਰਾ ਅੱਜ ਵੀ ਇਹੀ ਜਵਾਬ ਹੈ । ਤੁਹਾਡੇ ਲਈ ਆਪਣਾ ਜਵਾਬ ਹੋਰ ਸਪਸ਼ਟ ਕਰਨ ਵਾਸਤੇ ਇੱਕ ਹੋਰ ਗੱਲ ਸੁਣਾਣਾ ਚਾਹਾਂਗਾ । ਕੁੱਝ ਸਾਲ ਪਹਿਲਾਂ ਇੱਕ ਹੋਰ ਪੁਰਾਣੇ ਮਿੱਤਰ “ਪ੍ਰੋਫੈਸਰ ਸਾਹਿਬ” ਮਿਲੇ ਤੇ ਕਹਿਣ ਲੱਗੇ, ਮੇਰੇ ਕੋਲ ਤੁਹਾਡੀ ਸੁਰਖਿਅੱਤ ਵਾਪਸੀ ਲਈ ਇੱਕ ਸੁਨੇਹਾ, ( ਆਫਰ ਨੁਮਾ ) ਹੈ । ਮੇਰਾ ਜਵਾਬ ਸੀ, “ਪ੍ਰੋਫੈਸਰ ਸਾਹਿਬ ਮੈਂ ਜਿੱਥੇ ਹਾਂ, ਮੈਨੂੰ ਉਥੇ ਹੀ ਮਰ ਲੈਣ ਦਿਓ । ਮੇਰੇ ਲਈ ਅਰਦਾਸ ਕਰਿਓ, ਮੇਰੀ ਕੇਸਾਂ ਸਵਾਸਾਂ, ਤੇ ਮਿੱਥੇ ਨਿਸ਼ਾਨੇ ਸੰਗ ਨਿੱਭ ਜਾਵੇ । ਇਸ ਤੋਂ ਇਲਾਵਾ, ਹੁਣ ਹੋਰ ਕੋਈ ਇੱਛਾ ਨਹੀਂ ਹੈ” ।
……………………………

( ਸ.ਕਰਮਜੀਤ ਸਿੰਘ ਜੀ ਦੇ ਲਫਜ਼ ….“ਸੋਚ ਰਿਹਾਂ ਪਈ ਪੰਜਾਬ ਜਾਵਾਂ ਕਿ ਇਥੇ ਹੀ ਰਹਾਂ” ।

“ਆਖਰੀ ਸਾਹ ਕਿਥੇ ਲਵਾਂ? …….ਦੀ ਧਰਤੀ ਤੇ ਜਾਂ ਦਸ਼ਮੇਸ਼ ਦੀ ਸਰ ਜ਼ਮੀਨ ਅਨੰਦਪੁਰ ਤੇ? ਫਿਰ ਸੋਚਦੇ ਹਾਂ ਦੋਵਾਂ ਤੇ ਹੀ ਬੇਗਾਨਿਆਂ ਦਾ ਕਬਜ਼ਾ ਹੈ । ਇਕ ਨੇ ਸ਼ਰਤਾਂ ਤੇ ਸ਼ਰਨ ਦਿਤੀ ਹੈ ਦੂਜੇ ਨੇ ਬਿਨਾਂ ਸ਼ਰਤ ਤੇ ਹੀ ਜਲਾਵਤਨ ਕਰ ਦੇਣਾਂ ਹੈ। ਖਾਲਸਾ ਜੀ ਹੀ ਆਪਣੀ ਖਾਮੋਸ਼ੀ ਤੋੜਨ”। )

(ਲੇਖਕ ਗਜਿੰਦਰ ਸਿੰਘ, ਖ਼ਾਲਿਸਤਾਨ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਦੇ ਆਗੂ ਹਨ, ਜੋ ਅਜ਼ਾਦੀ ਲਈ ਰਾਜਨੀਤਕ ਲੜਾਈ ਲੜ੍ਹਨ ਕਾਰਨ ਜਲਾਵਤਨੀ ਕੱਟ ਰਹੇ ਹਨ।)

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS