ਲੇਖਕ: ਭਾਈ ਗਜਿੰਦਰ ਸਿੰਘ (ਦਲ ਖਾਲਸਾ)

ਅੱਜ ਉਹ ਦਿਨ ਹੈ, ਜਦੋਂ ਭਾਰਤੀ ਫੌਜਾਂ ਨੇ ਸ੍ਰੀ ਅਕਾਲ ਤਖੱਤ ਸਾਹਿਬ ਉਤੇ ਤੋਪਾਂ ਦੇ ਗੋਲੇ ਵਰ੍ਹਾਏ ਸਨ, ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੇ ਹੋਰ ਅਨੇਕਾਂ ਸਾਥੀ ਸਿੰਘ ਲੜ੍ਹਦੇ ਹੋਏ ਸ਼ਹੀਦ ਹੋਏ ਸਨ । ਅੱਜ ਦੇ ਦਿਨ ਸਿੱਖ ਕੌਮ ਆਪਣੇ ਸੰਘਰਸ਼ ਦੇ ਇੱਕ ਐਸੇ ਮੀਲ ਪੱਥਰ ਤੋਂ ਅੱਗੇ ਲੰਘ ਗਈ ਸੀ, ਜਿਸ ਤੋਂ ਬਾਦ ਭਾਰਤ ਵੱਲ ਵਾਪਸੀ ਦੇ ਸਾਰੇ ਰਸਤੇ ਬੰਦ ਹੋ ਗਏ ਸਨ ।

ਅਗਸਤ 1947 ਵਿੱਚ ਸਿੱਖ ਕੌਮ ਦੇ ਸਿਰ ਮੜ੍ਹੀ ਗਈ ਨਵੀਂ ਗੁਲਾਮੀ, ਹਿੰਦੂ ਸਾਮਰਾਜ ਦੀ ਗੁਲਾਮੀ ਦੇ ਖਿਲਾਫ, 6 ਜੂਨ ਵਾਲੇ ਦਿਨ, ਸਿੱਖ ਕੌਮ ਨੇ ਆਪਣੀ ਆਖਰੀ ਤੇ ਫੈਸਲਾਕੁੰਨ ਲੜ੍ਹਾਈ ਦਾ ਝੰਡਾ ਚੁੱਕ ਲਿਆ ਸੀ । ਇਹ ਉਹ ਦਿਨ ਹੈ, ਜਦੋਂ ਸਮੁੱਚੀ ਕੌਮ ਇੱਕ ਰਾਤ ਵਿੱਚ ਭਾਰਤੀ ਤੋਂ ਖਾਲਿਸਤਾਨੀ ਬਣ ਗਈ ਸੀ, ਤੇ ਖਾਲਿਸਤਾਨ ਦਾ ਸ਼ਬਦ ਹਰ ਸਿੱਖ ਦੇ ਹਿਰਦੇ ਉਤੇ ਉੱਕਰਿਆ ਗਿਆ ਸੀ । ਇਸ ਦਿਨ ਤੋਂ ਬਾਦ, ਕੌਮੀ ਆਜ਼ਾਦੀ ਸੰਘਰਸ਼ ਵਿੱਚ ਕੋਈ ਇੱਕ, ਦੋ, ਜਾਂ ਤਿੰਨ ਜੱਥੇਬੰਦੀਆਂ ਨਹੀਂ ਸੀ ਰਹਿ ਗਈਆਂ, ਸਾਰੀ ਕੌਮ ਇਸ ਦਾ ਹਿੱਸਾ ਬਣ ਗਈ ਸੀ ।

ਛੇ ਜੂਨ 84 ਤੋਂ ਬਾਦ ਸੰਘਰਸ਼ ਨੇ ਅਨੇਕਾਂ ਉੱਚੀਆਂ ਨੀਵੀਆਂ ਘਾਟੀਆਂ ਦੇਖੀਆਂ ਹਨ, ਪਰ ਰੁਕਿਆ ਕਿਤੇ ਵੀ ਨਹੀਂ । ਰੁਕੇ ਹਨ ਤਾਂ ਕੁੱਝ ‘ਥੱਕੇ’ ਹੋਏ ਵਿਅਕਤੀ ਰੁੱਕੇ ਹਨ, ਸੰਘਰਸ਼ ਕਿਤੇ ਨਹੀਂ ਰੁਕਿਆ । ਸੰਘਰਸ਼ ਨੇ ਕਈ ਰੰਗ ਬਦਲੇ ਹਨ, ਕਈ ਰੂਪ ਬਦਲੇ ਹਨ, ਪਰ ਨਿਸ਼ਾਨਾ ਨਹੀਂ ਬਦਲਿਆ । ਹਰ ਛੇ ਜੂਨ ਨੂੰ ਖਾਲਿਸਤਾਨ ਜ਼ਿੰਦਾਬਾਦ ਦਾ ਨਾਹਰਾ ਪਹਿਲਾਂ ਨਾਲੋਂ ਵੀ ਉੱਚੀ ਤੋਂ ਉੱਚੀ ਸੁਰ ਵਿੱਚ ਗੂੰਜਦਾ ਸਾਰੀ ਦੁਨੀਆਂ ਸੁਣ ਰਹੀ ਹੈ ।

ਸੰਘਰਸ਼ ਨੂੰ ਕਈ ਧਾਰਮਿਕ ਵਿਵਾਦਾਂ ਵਿੱਚ ਉਲਝਾ ਕੇ ਰਾਹੋਂ, ਕੁਰਾਹੇ ਪਾਣ ਦੀਆਂ ਕੋਸ਼ਿਸ਼ਾਂ ਕਈ ਹੋਈਆਂ ਹਨ, ਪਰ ਹਰ ਕੋਸ਼ਿਸ਼ ਵਕਤ ਨਾਲ ਨਾਕਾਮ ਹੋਈ ਹੈ, ਕਿਓਂਕਿ ਇਸ ਸੰਘਰਸ਼ ਦੀਆਂ ਜੜ੍ਹਾਂ ਵਿੱਚ ਅਨੇਕਾਂ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਦਾ ਸਾਂਝਾ ਤੇ ਪਵਿੱਤਰ ਖੂਨ ਜੋ ਹੈ । ਅੰਮ੍ਰਤਿਸਰ ਤੋਂ ਲੰਡਨ, ਅਤੇ ਦੁਨੀਆਂ ਦੇ ਹਰ ਕੋਨੇ ਵਿੱਚੋਂ ਇਸ ਵਾਰ ਵੀ ਖਾਲਿਸਤਾਨ ਜ਼ਿੰਦਬਾਦ ਦਾ ਨਾਹਰਾ ਇਸ ਧਰਤੀ ਤੇ ਅਸਮਾਨ ਵਿੱਚ ਆਪਣੇ ਜਲਵੇ ਬਿਖੇਰਦਾ ਰਿਹਾ ਹੈ, ਤੇ ਬਿਖੇਰ ਰਿਹਾ ਹੈ, ਤੇ ਇਹ ਸੰਘਰਸ਼ ਦੀਆਂ ਸਾਰੀਆਂ ਧਿਰਾਂ ਲਈ ਇੱਕ ਮੁਬਾਰਕ ਗੱਲ ਹੈ ।

ਖਾਲਸਾ ਜੀ ਵਰ੍ਹੇ ਨਹੀਂ ਗਿਣਨੇ, ਬਿਨਾ ਰੁੱਕੇ, ਬਿਨਾਂ ਝੁੱਕੇ ਆਪਣੀ ਆਜ਼ਾਦੀ ਦੀ ਮੰਜ਼ਿਲ ਵੱਲ ਵੱਧਦੇ ਰਹਿਣਾ ਹੈ । ਜੇ ਸਾਡੀ ਕਿਸਮਤ ਵਿੱਚ ਹੋਇਆ ਤਾਂ ਅਸੀਂ ਖਾਲਿਸਤਾਨ ਦੇਖ ਕੇ ਜਾਵਾਂਗੇ, ਨਹੀਂ ਤਾਂ ਸਾਡੇ ਪੁੱਤ ਪੋਤਰੇ ਦੇਖਣਗੇ, ਜਾਂ ਉਹਨਾਂ ਦੇ ਪੁੱਤ ਪੋਤਰੇ ਦੇਖਣਗੇ, ਪਰ ਇਸ ਸੱਚਾਈ ਨੂੰ ਸਾਕਾਰ ਹੁੰਦੇ ਇੱਕ ਦਿਨ ਦੁਨੀਆਂ ਦੇਖੇਗੀ ਜ਼ਰੂਰ ।

ਖਾਲਸਾ ਜੀ ਆਓ, ਇਸ ਸੱਚਾਈ ਦੇ ਸਾਕਾਰ ਹੋਣ ਤੱਕ, ਆਪਣੇ ਕੌਮੀ ਘਰ ਖਾਲਿਸਤਾਨ ਦੀ ਚਾਹਤ ਨੂੰ ਆਪਣੀ ਇਬਾਦਤ ਦਾ ਹਿੱਸਾ ਬਣਾ ਲਈਏ ।

ਸਾਡੀ ਜਿੰਦ, ਸਾਡੀ ਜਾਨ, ਖਾਲਿਸਤਾਨ ਖਾਲਿਸਤਾਨ ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ  ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS