ਪਟਿਆਲਾ, (ਜਾਗੋ ਪੰਜਾਬ ਬਿਊਰੋ): ਨਾਮੀਂ ਭਲਵਾਨ ਅਤੇ ਕੋਚ ਸੁਖਚੈਨ ਸਿੰਘ ਚੀਮਾ (68) ਦੀ ਪਟਿਆਲਾ-ਰਾਜਪੁਰਾ ਬਾਈਪਾਸ ‘ਤੇ ਸ਼ੇਰਮਾਜਰਾ ਚੌਂਕ ਨਜ਼ਦੀਕ ਹੋਏ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਸੁਖਚੈਨ ਸਿੰਘ ਚੀਮਾ ਨੂੰ ਇਕ ਕੋਚ ਵਜੋਂ ਨਿਭਾਈਆਂ ਸੇਵਾਵਾਂ ਲਈ ਦਰੋਣਾਚਾਰੀਆ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਚੀਮਾ ਦੀ ਇਟੀਓਸ ਕਾਰ ਆਲਟੋ ਕਾਰ ਨਾਲ ਵੱਜ ਕੇ ਡੂੰਘੇ ਨਾਲੇ ਵਿਚ ਜਾ ਡਿੱਗੀ ਸੀ। ਇਸ ਹਾਦਸੇ ਵਿਚ ਉਹਨਾਂ ਦੇ ਸਿਰ ‘ਤੇ ਸੱਟ ਲੱਗਣ ਨਾਲ ਉਹਨਾਂ ਦੀ ਮੌਤ ਹੋ ਗਈ।

ਇਸ ਹਾਦਸੇ ਵਿੱਚ ਦੂਜੀ ਕਾਰ ‘ਚ ਸਵਾਰ ਚਾਰ ਜਣੇ ਵੀ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮਿ੍ਤਕ ਦੇ ਲੜਕੇ ਤੇਜਪਾਲ ਸਿੰਘ ਚੀਮਾ ਦੇ ਬਿਆਨਾਂ ’ਤੇ ਪੁਲੀਸ ਨੇ ਧਾਰਾ 174 ਤਹਿਤ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਚੀਮਾ ਦਾ ਅੰਤਿਮ ਸੰਸਕਾਰ 12 ਜਨਵਰੀ ਨੂੰ ਕੀਤਾ ਜਾਵੇਗਾ।
ਸੁਖਚੈਨ ਸਿੰਘ ਚੀਮਾ ਦਾ ਜਨਮ 21 ਜੂਨ 1950 ਨੂੰ ਰੁਸਤਮ-ਏ-ਹਿੰਦ ਖਿਤਾਬ ਜੇਤੂ ਭਲਵਾਨ ਕੇਸਰ ਸਿੰਘ ਚੀਮਾ ਦੇ ਘਰ ਹੋਇਆ ਸੀ ਤੇ ਵਿਰਸੇ ਵਿਚ ਮਿਲੀ ਭਲਵਾਨੀ ਨੂੰ ਅੱਗੇ ਤੋਰਦਿਆਂ ਉਹਨਾਂ ਕੁਸ਼ਤੀ ਦੇ ਖੇਤਰ ਵਿਚ ਕਈ ਐਵਾਰਡਾਂ ਤੇ ਸਨਮਾਨਾਂ ਸਮੇਤ 1974 ‘ਚ ਤਹਿਰਾਨ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਕੋਚ ਵਜੋਂ ਵਧੀਆ ਯੋਗਦਾਨ ਬਦਲੇ 2004 ਵਿਚ ਉਨ੍ਹਾਂ ਨੂੰ ‘ਦਰੋਣਾਚਾਰੀਆ ਐਵਾਰਡ’ ਦਿੱਤਾ ਗਿਆ ਸੀ। ਉਹ ਪਟਿਆਲਾ ਵਿਖੇ ‘ਰੁਸਤਮ ਏ ਹਿੰਦ ਕੇਸਰ ਸਿੰਘ ਚੀਮਾ’ ਦੇ ਨਾਮ ਹੇਠ ਅਖਾੜਾ ਚਲਾ ਰਹੇ ਸਨ।

ਉਹਨਾਂ ਨੇ ਵਿਰਸੇ ਵਿਚ ਮਿਲੀ ਭਲਵਾਨੀ ਦੀ ਵਿਰਾਸਤ ਨੂੰ ਅੱਗੇ ਆਪਣੇ ਪੁੱਤਰ ਪਰਵਿੰਦਰ ਸਿੰਘ ਚੀਮਾ ਨੂੰ ਦਿੱਤਾ ਜੋ ਕਾਮਨਵੈਲਥ ਖੇਡਾਂ ਦਾ ਚੈਂਪੀਅਨ ਬਣਿਆ।