ਨਵੀਂ ਦਿੱਲੀ, (ਜਾਗੋ ਪੰਜਾਬ ਬਿਊਰੋ): ਕਿਹਾ ਜਾਂਦਾ ਹੈ ਕਿ ਲੋਕਤੰਤਰ ਦੇ ਚਾਰ ਥੰਮ ਹੁੰਦੇ ਹਨ, ਵਿਧਾਨ ਪਾਲਿਕਾ, ਕਾਰਜ ਪਾਲਿਕਾ, ਨਿਆਪਾਲਿਕਾ ਅਤੇ ਪ੍ਰੈਸ (ਮੀਡੀਆ)। ਭਾਰਤੀ ਲੋਕਤੰਤਰ ਦੇ ਇਹਨਾਂ ਥੰਮਾਂ ਦਾ ਕੀ ਹਾਲ ਹੈ ਇਸ ਦਾ ਅੰਦਾਜਾ ਅਸੀਂ ਇਕ ਖਬਰ ਤੋਂ ਹੀ ਲਾ ਸਕਦੇ ਹਾਂ ਜੋ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦਰਅਸਲ ਟਾਈਮਜ਼ ਆਫ ਇੰਡੀਆ ਅਖਬਾਰ ਵਿਚ ਪੱਤਰਕਾਰ ਹਿਮਾਂਸ਼ੂ ਕੌਸ਼ਿਕ ਅਤੇ ਕਪਿਲ ਦਵੇ ਦੀ ਰਿਪੋਰਟ ਛਪੀ ਸੀ ਜਿਸ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਸਮਰਿਤੀ ਇਰਾਨੀ, ਭਾਜਪਾ ਆਗੂ ਬਲਵੰਤ ਸਿੰਘ ਰਾਜਪੂਤ ਅਤੇ ਕਾਂਗਰਸੀ ਆਗੂ ਅਹਿਮਦ ਪਟੇਲ ਦੇ ਹਲਫਨਾਮਿਆਂ ਦੇ ਅਧਾਰ ‘ਤੇ ਇਹਨਾਂ ਦੀ ਕੁਝ ਸਾਲਾਂ ਵਿਚ ਕਈ ਗੁਣਾ ਵਧੀ ਜਾਇਦਾਦ ਦਾ ਖੁਲਾਸਾ ਕੀਤਾ ਗਿਆ ਸੀ। ਸਭ ਤੋਂ ਵੱਧ ਧਿਆਨ ਅਮਿਤ ਸ਼ਾਹ ਬਾਰੇ ਹੋਏ ਖੁਲਾਸੇ ਨੇ ਖਿੱਚਿਆ ਸੀ ਜਿਸ ਅਨੁਸਾਰ 2012 ਤੋਂ ਲੈ ਕੇ 2017 ਤਕ ਅਮਿਤ ਸ਼ਾਹ ਦੀ ਜਾਇਦਾਦ ਵਿਚ 300% ਵਾਧਾ ਹੋਇਆ। ਪਰ ਕੁਝ ਸਮੇਂ ਬਾਅਦ ਟਾਈਮਜ਼ ਆਫ ਇੰਡੀਆ ਨੇ ਇਸ ਖਬਰ ਨੂੰ ਆਪਣੀ ਬੈਬਸਾਈਟ ਤੋਂ ਹਟਾ ਦਿੱਤਾ।

ਖਬਰ ਅਨੁਸਾਰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਚੱਲ ਜਾਇਦਾਦ ਜੋ 2012 ਵਿਚ 1.91 ਕਰੋੜ ਸੀ, 2017 ਵਿਚ 19.01 ਕਰੋੜ ਰੁਪਏ ਹੋ ਗਈ। 2017 ਦੇ ਹਲਫਨਾਮੇ ਵਿਚ ਅਮਿਤ ਸ਼ਾਹ ਨੇ ਦੱਸਿਆ ਹੈ ਕਿ ਉਸ ਕੋਲ 10.38 ਕਰੋੜ ਰੁਪਏ ਦੀ ਜੱਦੀ ਪੁਸ਼ਤੀ ਜਾਇਦਾਦ ਹੈ। ਹਲਫਨਾਮੇ ਅਨੁਸਾਰ ਸ਼ਾਹ ਅਤੇ ਉਸ ਦੀ ਪਤਨੀ ਦੀ ਚੱਲ ਅਤੇ ਅਚੱਲ ਜਾਇਦਾਦ ਵਿਚ 2012 ਤੋਂ ਬਾਅਦ 300% ਦਾ ਹੈਰਾਨੀਕੁੰਨ ਵਾਧਾ ਹੋਇਆ।

ਇਸੇ ਤਰ੍ਹਾਂ ਸਮਰਿਤੀ ਇਰਾਨੀ ਦੇ ਹਲਫਨਾਮੇ ਤੋਂ ਜਿੱਥੇ ਇਹ ਖੁਲਾਸਾ ਹੋਇਆ ਕਿ ਉਹਨਾਂ ਦੀ ਆਮਦਨ 2014 ਵਿਚ 4.91 ਕਰੋੜ ਰੁਪਏ ਤੋਂ ਵਧ ਕੇ 2017 ਵਿਚ 8.88 ਕਰੋੜ ਰੁਪਏ ਹੋ ਗਈ (80% ਵਾਧਾ) ਉੱਥੇ ਹੀ ਇਹ ਵੀ ਸਾਹਮਣੇ ਆਇਆ ਕਿ 2014 ਵਿਚ ਉਹਨਾਂ ਆਪਣੀ ਵਿਦਿਅਕ ਯੋਗਤਾ ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਦੱਸੀ ਸੀ, ਪਰ ਇਸ ਵਾਰ ਦੇ ਹਲਫਨਾਮੇ ਵਿਚ ਉਹਨਾਂ ਮੰਨਿਆ ਕਿ ਉਹਨਾਂ ਦੀ ਡਿਗਰੀ ਪੂਰੀ ਨਹੀਂ ਹੋਈ ਸੀ।

ਜਦੋਂ ਇਹ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਟਾਈਮਜ਼ ਆਫ ਇੰਡੀਆ ਅਖਬਾਰ ਨੇ ਇਸ ਖਬਰ ਨੂੰ ਆਪਣੀ ਵੈਬਸਾਈਟ ਤੋਂ ਹਟਾ ਦਿੱਤਾ। ਹਲਾਂਕਿ ਲੋਕਾਂ ਨੇ ਉਦੋਂ ਤਕ ਇਸ ਖਬਰ ਦੇ ਸਕਰੀਨ ਸ਼ਾਟ ਲੈ ਲਏ ਸਨ ਤੇ ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ।

ਗੌਰਤਲਬ ਹੈ ਕਿ ਭਾਰਤ ਵਿਚ ਮੀਡੀਆ ਉੱਤੇ ਸਰਕਾਰ ਦੇ ਦਬਾਅ ਅਧੀਨ ਕੰਮ ਕਰਨ ਦੇ ਇਲਜ਼ਾਮ ਲਗਦੇ ਆਏ ਹਨ ਤੇ ਇਸ ਘਟਨਾ ਨੂੰ ਵੀ ਉਸੇ ਗੱਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਮਾਹੌਲ ਨੂੰ ਲੋਕਤੰਤਰ ਲਈ ਵੱਡਾ ਖਤਰਾ ਮੰਨਿਆ ਜਾਂਦਾ ਹੈ। ਕਈ ਲੋਕ ਮੋਦੀ ਸਰਕਾਰ ਦੇ ਇਸ ਰਵੱਈਏ ਨੂੰ ਇੰਦਰ ਗਾਂਧੀ ਦੀ ਐਮਰਜੈਂਸੀ ਦੇ ਸਮੇਂ ਨਾਲ ਮਿਲਾ ਕੇ ਦੇਖ ਰਹੇ ਹਨ।
Must Watch Video:

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS