ਸ਼ਬਾਨਾ ਆਜ਼ਮੀ ਦੀ ਐਕਟਿੰਗ ਕਲਾ ਦਾ ਉੱਤਮ ਨਮੂਨਾ
ਹਰ ਸਿੱਖ ਨੂੰ ਪਰਿਵਾਰਾਂ ਸਮੇਤ ਦੇਖਣੀ ਚਾਹੀਦੀ ਹੈ ਇਹ ਫਿਲਮ
ਕਰਮਜੀਤ ਸਿੰਘ
ਸੰਪਰਕ: 9915091063

ਫਿਲਮ ਬਲੈਕ ਪ੍ਰਿੰਸ ਦੁਨੀਆ ਦੇ ਦਰਜਨਾਂ ਮੁਲਕਾਂ ਦੇ ਪੰਜਾਬੀਆਂ ਵਿਚ ਅਤੇ ਵਿਸ਼ੇਸ਼ ਕਰਕੇ ਸਿੱਖਾਂ ਵਿਚ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 21 ਜੁਲਾਈ ਨੂੰ ਇਹ ਫਿਲਮ ਸਾਰੀ ਦੁਨੀਆ ਵਿਚ ਰਿਲੀਜ਼ ਹੋਈ ਹੈ ਅਤੇ ਅੰਤਰਰਾਸ਼ਟਰੀ ਫਿਲਮੀ ਮੇਲਿਆਂ ਵਿਚ ਦਰਜਨਾਂ ਇਨਾਮ ਜਿੱਤ ਚੁੱਕੀ ਹੈ। ਇਹ ਪਹਿਲੀ ਵਾਰ ਹੈ ਜਦੋਂ ਇਤਿਹਾਸ ਦੇ ਵਿਸ਼ੇ ‘ਤੇ ਬਣੀ ਹਾਲੀਵੁੱਡ ਫਿਲਮ ਅੰਦਰ ਇਕ ਸਿੱਖ (ਸਤਿੰਦਰ ਸਰਤਾਜ) ਨੂੰ ਦਸਤਾਰ ਦੀ ਸ਼ਕਲ ਵਿਚ ਵਖਾਇਆ ਗਿਆ ਹੈ। ਇਹ ਫਿਲਮ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿਚ ਸੰਸਾਰ ਦੀਆਂ ਪ੍ਰਸਿੱਧ ਹਸਤੀਆਂ ਵਲੋਂ ਵੀ ਸਲਾਹੀ ਗਈ। ਬੁਨਿਆਦੀ ਤੌਰ ‘ਤੇ ਇਹ ਫਿਲਮ ਅੰਗਰੇਜੀ ਵਿਚ ਹੈ ਪਰ ਇਸਨੂੰ ਹਿੰਦੀ ਅਤੇ ਪੰਜਾਬੀ ਵਿਚ ਵੀ ਵੇਖਿਆ ਜਾ ਸਕਦਾ ਹੈ। ਇਹਨਾਂ ਦੋਵਾਂ ਭਾਸ਼ਾਵਾਂ ਵਿਚ ਇਸ ਫਿਲਮ ਦੀ ਡਬਿੰਗ ਹੋਈ ਹੈ।

ਬਲੈਕ ਪ੍ਰਿੰਸ ਫਿਲਮ ਸਿੱਖਾਂ ਦੇ ਖੁੱਸੇ ਰਾਜ ਦੀ ਦਰਦਨਾਕ ਦਾਸਤਾਨ ਪੇਸ਼ ਕਰਦੀ ਹੈ। ਇਸ ਫਿਲਮ ਨੂੰ ਹਾਲੀਵੁੱਡ ਸਥਿਤ ਇਕ ਅੰਤਰਰਾਸ਼ਟਰੀ ਸੰਸਥਾ ਬਰਿਲਸਟੇਨ ਇੰਟਰਟੇਨਮੈਂਟ ਪਾਰਟਨਰਜ਼ ਐਂਡ ਸਟਾਰਜ਼ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਕਵੀ ਰਾਜ ਇਸ ਫਿਲਮ ਦੇ ਨਿਰਮਾਤਾ ਵੀ ਹਨ ਤੇ ਨਿਰਦੇਸ਼ਕ ਵੀ ਹਨ। ਫਿਲਮ ਦੀ ਸਕ੍ਰਿਪਟ ਦਾ ਵੱਡਾ ਹਿੱਸਾ ਵੀ ਉਹਨਾਂ ਨੇ ਹੀ ਤਿਆਰ ਕੀਤਾ ਹੈ। ਭਰੋਸੇਯੋਗ ਜਾਣਕਾਰੀ ਮੁਤਾਬਿਕ ਫਿਲਮ ਦੇ ਨਿਰਦੇਸ਼ਕ ਨੇ ਫਿਲਮ ਤਿਆਰ ਕਰਨ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਉਸ ਰਾਜ ਦੇ ਖਤਮ ਹੋਣ ਪਿੱਛੋਂ ਮਹਾਰਾਜਾ ਦਲੀਪ ਸਿੰਘ ਦੀ ਦਰਦਨਾਕ ਜੀਵਨ ਕਹਾਣੀ ਬਾਰੇ ਕਈ ਇਤਿਹਾਸਕ ਪੁਸਤਕਾਂ ਦਾ ਗੰਭੀਰ ਮੁਤਾਲਿਆ ਕੀਤਾ। ਕਰੀਬ ਚਾਰ ਸਾਲ ਤਾਂ ਇਸ ਖੋਜ ਉੱਤੇ ਹੀ ਲੱਗ ਗਏ। ਜਦਕਿ ਇਸ ਖੋਜ ਵਿਚ ਸਭ ਤੋਂ ਵੱਡਾ ਰੋਲ ਅਤੇ ਮਿਹਨਤ ਜਸਜੀਤ ਸਿੰਘ ਦੀ ਹੈ ਜੋ ਖੁਦ ਇਸ ਫਿਲਮ ਦੇ ਨਿਰਮਾਤਾ ਵੀ ਹਨ ਅਤੇ ਇਹਨਾਂ ਨੇ ਫਿਲਮ ਨੂੰ ਸਿਧਾਂਤਿਕ ਦਿਸ਼ਾ ਦੇਣ ਵਿਚ ਮਹੱਤਵਪੂਰਣ ਹਿੱਸਾ ਪਾਇਆ ਹੈ। ਜੇ ਸੱਚ ਪੁੱਛੋ ਤਾਂ ਇਹੋ ਜਿਹੀ ਫਿਲਮ ਤਿਆਰ ਕਰਨ ਦਾ ਸਭ ਤੋਂ ਪਹਿਲਾ ਵਿਚਾਰ ਇਸੇ ਵਿਅਕਤੀ ਦੇ ਜਿਹਨ ਵਿਚ ਆਇਆ। ਕਈ ਵਰ੍ਹਿਆਂ ਦੀ ਕਰੜੀ ਘਾਲਣਾ ਪਿੱਛੋਂ ਇਹ ਫਿਲਮ ਤਿਆਰ ਹੋਈ ਹੈ ਜਿਸ ਵਿਚ 5 ਮਿਲੀਅਨ ਅਮਰੀਕੀ ਡਾਲਰ ਖਰਚ ਹੋਏ ਹਨ।

1849 ਵਿਚ ਪੰਜਾਬ ਪੂਰੀ ਤਰ੍ਹਾਂ ਅੰਗਰੇਜਾਂ ਦੇ ਰਾਜ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪੰਜ ਸਾਲਾਂ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ ਜਬਰਦਸਤੀ ਇੰਗਲੈਂਡ ਲੈ ਜਾਂਦੇ ਹਨ ਅਤੇ ਉੱਥੇ ਉਸ ਦਾ ਧਰਮ ਬਦਲ ਕੇ ਉਸ ਨੂੰ ਇਸਾਈ ਬਣਾ ਦਿੱਤਾ ਜਾਂਦਾ ਹੈ। ਉਸ ਦੀ ਮਾਂ ਮਹਾਰਾਣੀ ਜਿੰਦਾ ਹੈ ਜਿਸ ਦਾ ਕਿਰਦਾਰ ਫਿਲਮ ਵਿਚ ਬਾਲੀਵੁੱਡ ਦੀ ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨਿਭਾ ਰਹੀ ਹੈ। ਮਹਾਰਾਜਾ ਦਲੀਪ ਸਿੰਘ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਖੁੱਸੇ ਰਾਜ ਬਾਰੇ ਜਾਣਕਾਰੀ ਮਿਲਦੀ ਹੈ। ਉਹ ਮੁੜ ਸਿੱਖ ਧਰਮ ਅਪਣਾਉਂਦਾ ਹੈ ਅਤੇ ਪੰਜਾਬ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਸਿੱਖ ਰਾਜ ਨੂੰ ਮੁੜ ਬਹਾਲ ਕੀਤਾ ਜਾ ਸਕੇ। ਪਰ ਅੰਗਰੇਜ ਹਕੂਮਤ ਉਸ ਨੂੰ ਪੰਜਾਬ ਜਾਣ ਦੀ ਇਜਾਜ਼ਤ ਨਹੀਂ ਦਿੰਦੀ। ਬਸ ਇੱਥੋਂ ਹੀ ਇਕ ਦਰਦ ਭਰੀ ਦਾਸਤਾਨ ਸ਼ੁਰੂ ਹੁੰਦੀ ਹੈ। ਇੰਗਲੈਂਡ ਵਿਚ ਉਸ ਨੂੰ ਮਾਂ ਮਹਾਰਾਣੀ ਜਿੰਦਾ ਨਾਲ ਵੀ ਮਿਲਾਇਆ ਜਾਂਦਾ ਹੈ ਜਿਸ ਤੋਂ ਉਸ ਨੂੰ ਆਪਣੇ ਖੁੱਸੇ ਰਾਜ ਦੀ ਜਾਣਕਾਰੀ ਮਿਲਦੀ ਹੈ। ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ ਨਿਭਾ ਰਿਹਾ ਹੈ ਜਦਕਿ ਹਾਲੀਵੁੱਡ ਦੇ ਦੋ ਹੋਰ ਪ੍ਰਸਿੱਧ ਐਕਟਰ ਵੀ ਇਸ ਫਿਲਮ ਵਿਚ ਸ਼ਾਮਿਲ ਹਨ।

ਜੇ ਫਿਲਮ ਨੂੰ ਤਰਦੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਸ਼ਬਾਨਾ ਆਜ਼ਮੀ ਇਸ ਫਿਲਮ ਦੀ ਆਤਮਾ ਹੈ। ਉਹ ਇਸ ਦਰਦ ਭਰੀ ਕਹਾਣੀ ਦੇ ਐਨ ਕੇਂਦਰ ਵਿਚ ਖਲੋਤੀ ਨਜ਼ਰ ਆਉਂਦੀ ਹੈ। ਜਦੋਂ ਮਹਾਰਾਜਾ ਦਲੀਪ ਸਿੰਘ ਉਸ ਨੂੰ ਪਹਿਲੀ ਵਾਰ ਮਿਲਦਾ ਹੈ ਤਾਂ ਉਸ ਮੁਲਾਕਾਤ ਦਾ ਦ੍ਰਿਸ਼ ਜਿਵੇਂ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ਉਸ ਦਾ ਸਿਹਰਾ ਕਵੀ ਰਾਜ ਨੂੰ ਜਾਂਦਾ ਹੈ। ਇਕ ਚੰਗੀ ਫਿਲਮ ਅਤੇ ਬਹੁਤ ਚੰਗੀ ਫਿਲਮ ਵਿਚ ਵੱਡਾ ਫਰਕ ਇਹ ਹੁੰਦਾ ਹੈ ਕਿ ਕਿਸੇ ਵੀ ਮਹਾਨ ਫਿਲਮ ਵਿਚ ਕੁਝ ਇਹੋ ਜਿਹੇ ਦ੍ਰਿਸ਼ ਸ਼ਾਮਿਲ ਹੁੰਦੇ ਹਨ ਜੋ ਦਰਸ਼ਕਾਂ ਦੀਆਂ ਯਾਦਾਂ ਵਿਚ ਆਪਣਾ ਪੱਕਾ ਘਰ ਬਣਾ ਲੈਂਦੇ ਹਨ। ਬਲੈਕ ਪ੍ਰਿੰਸ ਫਿਲਮ ਵਿਚ ਇਕ ਤੋਂ ਵੱਧ ਕਈ ਇਹੋ ਜਿਹੇ ਦ੍ਰਿਸ਼ ਹਨ ਜਿਹਨਾਂ ਨੂੰ ਵੇਖ ਕੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਫਿਲਮ ਇਕੋ ਸਮੇਂ ਕਲਾ ਦਾ ਉੱਤਮ ਨਮੂਨਾ ਵੀ ਹੈ ਪਰ ਨਾਲ ਹੀ ਜਜ਼ਬਿਆਂ ਦੇ ਪੱਧਰ ‘ਤੇ ਤੁਹਾਨੂੰ ਟੁੰਬਦੀ ਵੀ ਹੈ। ਕੱਲ੍ਹ ਜਦੋਂ ਚੰਡੀਗੜ੍ਹ ਵਿਚ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਹੋਇਆ ਜਿਸ ਵਿਚ ਸਤਿੰਦਰ ਸਰਤਾਜ, ਕਵੀ ਰਾਜ ਅਤੇ ਸ਼ਬਾਨਾ ਆਜ਼ਮੀ ਸ਼ਾਮਿਲ ਸਨ, ਉਸ ਸਮੇਂ ਚਲਦੀ ਫਿਲਮ ਦੌਰਾਨ ਦਰਜਨਾਂ ਦਰਸ਼ਕ ਰੋਂਦੇ ਵੇਖੇ ਗਏ। ਬਾਅਦ ਵਿਚ ਫਿਲਮ ਦੇ ਖਤਮ ਹੋਣ ਪਿੱਛੋਂ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਜਦੋਂ ਸ਼ਬਾਨਾ ਆਜ਼ਮੀ ਅੱਗੇ ਫਿਲਮ ਦੀ ਪ੍ਰਸ਼ੰਸਾ ਕਰ ਰਹੇ ਸਨ ਤਾਂ ਇਹ ਉੱਘੀ ਅਦਾਕਾਰਾ ਭਾਵੁਕ ਹੁੰਦੀ ਵੇਖੀ ਗਈ ਤੇ ਇਕ ਤਰ੍ਹਾਂ ਨਾਲ ਰੋਣ ਦੇ ਕਰੀਬ ਹੀ ਪਹੁੰਚ ਗਈ ਸੀ।

ਪਹਿਲੀ ਮੁਲਾਕਾਤ ਸਮੇਂ ਮਹਾਰਾਣੀ ਜਿੰਦਾ ਦੀ ਨਜ਼ਰ ਬੇਹੱਦ ਕਮਜ਼ੋਰ ਹੋ ਚੁੱਕੀ ਸੀ। ਉਹ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਵੇਖ ਨਹੀਂ ਸੀ ਸਕਦੀ। ਜਦੋਂ ਮਹਾਰਾਜਾ ਦਲੀਪ ਸਿੰਘ ਕਮਰੇ ਵਿਚ ਦਾਖਿਲ ਹੁੰਦਾ ਹੈ ਤਾਂ ਉਸ ਦੇ ਪੈਰਾਂ ਦੀ ਆਹਟ ਤੋਂ ਹੀ ਉਸ ਦੀ ‘ਅੰਦਰਲੀ ਮਾਂ’ ਜਾਗ ਉੱਠਦੀ ਹੈ। ਉਸਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਪੁੱਤਰ ਕਮਰੇ ਵਿਚ ਦਾਖਲ ਹੋ ਗਿਆ ਹੈ। ਉਸ ਵੇਲੇ ਮਹਾਰਾਜਾ ਦਲੀਪ ਸਿੰਘ ਇਕ ਅਜਨਬੀ ਨੌਜਵਾਨ ਲੱਗਦਾ ਹੈ। ਜਿਸ ਦੇ ਅੰਦਰ ਕੋਈ ਅਜਿਹੀ ਤਮੰਨਾ ਨਹੀਂ ਜਾਗਦੀ ਕਿ ਉਹ ਭੱਜ ਕੇ ਆਪਣੀ ਮਾਂ ਨੂੰ ਗਲਵੱਕੜੀ ਵਿਚ ਲੈ ਲਵੇ। ਉਹ ਆਪਣੀ ਮਾਂ ਤੋਂ ਇਕ ਫਾਸਲੇ ‘ਤੇ ਤੁਰਦਾ ਵਖਾਇਆ ਗਿਆ। ਜਦੋਂ ਮਹਾਰਾਣੀ ਜਿੰਦਾ ਉਸ ਦੇ ਪੈਰਾਂ ਦੀ ਆਹਟ ਮਹਿਸੂਸ ਕਰਕੇ ਉਸ ਨੂੰ ‘ਦਲੀਪ’ ਕਹਿੰਦੀ ਹੈ ਤਾਂ ਇਹ ਦ੍ਰਿਸ਼ ਵੇਖ ਕੇ ਕੋਈ ਵੀ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕਦਾ। ਮਾਂ-ਪੁੱਤ ਦਾ ਇਹ ਰਿਸ਼ਤਾ ਜਿਸ ਅਨੋਖੇ ਅੰਦਾਜ਼ ਵਿਚ ਦਖਾਇਆ ਗਿਆ ਹੈ ਉਹ ਵੀ ਫਿਲਮ ਦੀ ਇਕ ਵੱਡੀ ਕਲਾਤਮਿਕ ਪ੍ਰਾਪਤੀ ਹੈ। ਜਦੋਂ ਮਾਂ-ਪੁੱਤ ਵਿਚ ਗੱਲਬਾਤ ਚਲਦੀ ਹੈ ਤਾਂ ਮਹਾਰਾਣੀ ਜਿੰਦਾ ਦੀ ਰਾਜਨੀਤਕ ਸਮਝ, ਉਸ ਦੇ ਵਾਕਾਂ ਵਿਚ ਸਰਲਤਾ ਤੇ ਸਪੱਸ਼ਟਤਾ, ਉਸ ਦੇ ਸ਼ਬਦਾਂ ਵਿਚ ਜ਼ਿੰਦਗੀ ਦੀ ਧੜਕਨ ਅਤੇ ਉਸ ਦੇ ਜਜ਼ਬਿਆਂ ਵਿਚ ਅਕਲ, ਦਲੀਲ ਤੇ ਤਰਕ ਦੀ ਸ਼ਮੂਲੀਅਤ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ। ਇਸ ਦ੍ਰਿਸ਼ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਮਹਾਰਾਣੀ ਜਿੰਦਾ ਦਾ ਸਵੈ-ਵਿਸ਼ਵਾਸ ਇਸ ਹੱਦ ਤਕ ਆਸਮਾਨਾਂ ਦੀਆਂ ਬੁਲੰਦੀਆਂ ਛੁੰਹਦਾ ਹੈ ਕਿ ਉਹ ਜਦੋਂ ਮਹਾਰਾਣੀ ਵਿਕਟੋਰੀਆ ਨੂੰ ਮਿਲਦੀ ਹੈ ਤਾਂ ਉਹ ਆਪਣੇ ਆਪ ਨੂੰ ਮਹਾਰਾਣੀ ਵਿਕਟੋਰੀਆ ਦੀ ਹਮਰੁਤਬਾ ਸਮਝ ਕੇ ਹੀ ਗੱਲਬਾਤ ਕਰਦੀ ਹੈ। ਉਸ ਦੇ ਸਾਧਾਰਣ ਤੇ ਕਈ ਵਾਰ ਵਿਅੰਗਮਈ ਸ਼ਬਦਾਂ ਵਿਚ ਓੜਕਾਂ ਦੀ ਗਹਿਰਾਈ, ਗੰਭੀਰਤਾ ਤੇ ਲੁਕਿਆ ਦਰਦ ਹੈ ਜਿਸ ਨੂੰ ਮਹਾਰਾਣੀ ਵਿਕਟੋਰੀਆ ਵੀ ਸਵੀਕਾਰ ਕਰਦੀ ਹੈ। ਇਸ ਫਿਲਮ ਦੀ ਇਕ ਹੋਰ ਵੱਡੀ ਪ੍ਰਾਪਤੀ ਇਹ ਹੈ ਕਿ ਸ਼ਬਾਨਾ ਆਜ਼ਮੀ ਦੀ ਪੰਜਾਬੀ ਉੱਤੇ ਪੂਰੀ ਪੂਰੀ ਪਕੜ ਹੈ। ਕਿਸੇ ਇਕ ਥਾਂ ‘ਤੇ ਵੀ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਉਹ ਪੂਰੀ ਪੰਜਾਬਣ ਨਹੀਂ। ਜਿਸ ਤਰ੍ਹਾਂ ਦੀ ਠੇਠ ਪੰਜਾਬੀ ਉਹ ਬੋਲਦੀ ਹੈ ਉਹ ਨਾਲ ਦੀ ਨਾਲ ਹੀ ਤੁਹਾਡੇ ਦਿਲਾਂ ਵਿਚ ਉਤਰਦੀ ਜਾਂਦੀ ਹੈ। ਫਿਲਮ ਵਿਚ ਸਰਤਾਜ ਦਾ ਰੋਲ ਵੀ ਮਹੱਤਵਪੂਰਣ ਹੈ ਪਰ ਇਉਂ ਲਗਦਾ ਹੈ ਕਿ ਜਿਵੇਂ ਸਿੱਖ ਬਣਨ ਪਿੱਛੋਂ ਸਿੱਖੀ ਜਜ਼ਬੇ ਉਸ ਦੀ ਰੂਹ ਤਕ ਨਹੀਂ ਉਤਰ ਸਕੇ। ਜਿਉਂ ਹੀ ਸ਼ਬਾਨਾ ਆਜ਼ਮੀ ਫਿਲਮ ਤੋਂ ਲਾਂਭੇ ਹੁੰਦੀ ਹੈ ਤਾਂ ਕਿਸੇ ਹੱਦ ਤਕ ਦਰਸ਼ਕਾਂ ਦੀ ਦਿਲਚਸਪੀ ਪਹਿਲਾਂ ਵਾਲੀ ਨਹੀਂ ਰਹਿੰਦੀ। ਫੇਰ ਵੀ ਸਤਿੰਦਰ ਸਰਤਾਜ ਦੇ ਸਿਰ ਉੱਤੇ ਬੰਨ੍ਹੀ ਦਸਤਾਰ ਨਾਲ ਉਸ ਦੀ ਸਖਸ਼ੀਅਤ ਨੂੰ ਚਾਰ ਚੰਨ ਲੱਗ ਜਾਂਦੇ ਹਨ। ਤੁਹਾਨੂੰ ਇਹ ਮਹਿਸੂਸ ਹੋਣ ਲਗਦਾ ਹੈ ਕਿ ਦਸਤਾਰ ਦੀ ਸ਼ਕਲ ਵਿਚ ਆਏ ਫਿਲਮੀ ਨਾਇਕ ਕਿਸੇ ਤਰ੍ਹਾਂ ਵੀ ਹੋਰਨਾਂ ਨਾਲੋਂ ਘੱਟ ਨਹੀਂ ਹੁੰਦੇ।

ਇਸ ਫਿਲਮ ਦੇ ਆਉਣ ਨਾਲ ਫਿਲਮੀ ਦੁਨੀਆ ਵਿਚ ਸਿੱਖ ਸਿਨੇਮੇ ਦਾ ਉਦਘਾਟਨ ਹੁੰਦਾ ਹੈ ਜਿਸ ਵਿਚ ਸਿੱਖ ਜਜ਼ਬੇ, ਸਿੱਖ ਸੱਭਿਆਚਾਰ, ਸਿੱਖ ਤਰਜ਼-ਏ-ਜ਼ਿੰਦਗੀ ਇਸ ਤਰ੍ਹਾਂ ਪੇਸ਼ ਹੁੰਦੀ ਹੈ ਜਿਸ ਤਰ੍ਹਾਂ ਸਿੱਖਾਂ ਦੀ ਮੁੱਖਧਾਰਾ ਚਾਹੁੰਦੀ ਹੈ। ਜਦੋਂ ਵੀ ਸਿੱਖ ਸਿਨੇਮਾ ਵਿਕਾਸ ਕਰਦਾ ਹੋਇਆ ਬੁਲੰਦੀਆਂ ਉੱਤੇ ਪਹੁੰਚੇਗਾ, ਜਦੋਂ ਰਿਸਰਚ ਸਕਾਲਰ ਸਿੱਖ ਸਿਨੇਮੇ ਦਾ ਇਤਿਹਾਸ ਲਿਖਣਗੇ ਤਾਂ ਬਲੈਕ ਪ੍ਰਿੰਸ ਫਿਲਮ ਉਸ ਇਤਿਹਾਸ ਦਾ ਨੀਂਹ ਪੱਥਰ ਹੋਵੇਗੀ। ਕਿਹਾ ਜਾਂਦਾ ਹੈ ਕਿ ਇਤਿਹਾਸ ਨੂੰ ਫਿਲਮ ਵਿਚ ਪੇਸ਼ ਕਰਨਾ ਇਕ ਵੱਡੀ ਚੁਣੌਤੀ ਹੁੰਦਾ ਹੈ, ਪਰ ਇਹ ਇਕ ਅਜਿਹੀ ਫਿਲਮ ਹੈ ਜਿਸ ਵਿਚ ਇਤਿਹਾਸ ਦੇ ਤੱਥ ਕਰੀਬ-ਕਰੀਬ ਇੰਨ੍ਹ ਬਿੰਨ੍ਹ ਪੇਸ਼ ਹੋਏ ਹਨ। ਇਹ ਫਿਲਮ ਹਰ ਪੰਜਾਬੀ ਨੂੰ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਪਰਿਵਾਰਾਂ ਸਮੇਤ ਦੇਖਣੀ ਚਾਹੀਦੀ ਹੈ। ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਇਹ ਫਿਲਮ ਦਿਖਾਉਣ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ। ਸਿੱਖਾਂ ਦੀ ਨਵੀਂ ਪੀੜੀ ਜਿਹੜੀ ਆਪਣੇ ਇਤਿਹਾਸਕ ਵਿਰਸੇ ਤੋਂ ਪੂਰੀ ਤਰ੍ਹਾਂ ਬੇਖਬਰ ਹੈ, ੳਹੁ ਪੀੜ੍ਹੀ ਇਸ ਫਿਲਮ ਨੂੰ ਵੇਖ ਕੇ ਮੁੜ ਆਪਣੇ ਅਮੀਰ ਵਿਰਸੇ ਵੱਲ ਵਾਪਿਸ ਮੁੜੇਗੀ। ਕੱਲ੍ਹ ਜਦੋਂ ਫਿਲਮ ਦੀ ਪ੍ਰਮੀਅਮ ਸਮੇਂ ਵੱਖ-ਵੱਖ ਦਰਸ਼ਕਾਂ ਵਲੋਂ ਸਵਾਲ ਕੀਤੇ ਗਏ ਤਾਂ ਇਹ ਗੱਲ ਸਪਸ਼ਟ ਨਜ਼ਰ ਆਉਂਦੀ ਸੀ ਕਿ ਨਵੀਂ ਪੀੜ੍ਹੀ ਇਸ ਫਿਲਮ ਤੋਂ ਬੇਹੱਦ ਪ੍ਰਭਾਵਿਤ ਹੋਈ ਹੈ। ਕੁਝ ਦਰਸ਼ਕਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਫਿਲਮ ਪੁਨਰ ਜਾਗ੍ਰਿਤੀ ਦਾ ਮਾਹੌਲ ਪੈਦਾ ਕਰੇਗੀ ਜਦਕਿ ਅਜਿਹੇ ਦਰਸ਼ਕਾਂ ਦੀ ਵੀ ਕਮੀ ਨਹੀਂ ਸੀ ਜੋ ਇਹ ਕਹਿੰਦੇ ਸੁਣੇ ਗਏ ਕਿ ਇਹ ਫਿਲਮ ਖੁੱਸੇ ਹੋਏ ਰਾਜ ਨੂੰ ਮੁੜ ਬਹਾਲ ਕਰਨ ਦਾ ਅਹਿਸਾਸ ਜਗਾਉਂਦੀ ਹੈ, ਜੇ ਸੁਚੇਤ ਤੌਰ ‘ਤੇ ਨਹੀਂ ਤਾਂ ਅਚੇਤ ਤੌਰ ‘ਤੇ ਜ਼ਰੂਰ ਹੀ ਜਗਾਉਂਦੀ ਹੈ। ਇੱਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਫਿਲਮ ਦੀ ਪ੍ਰੀਮੀਅਮ ਸਮੇਂ ਪੰਜਾਬ ਦੀਆਂ ਉੱਘੀਆਂ ਹਸਤੀਆਂ ਫਿਲਮ ਵੇਖਣ ਪਹੁੰਚੀਆਂ ਹੋਈਆਂ ਸਨ ਜਿਹਨਾਂ ਵਿਚ ਜੁਝਾਰੂ ਲਹਿਰ ਦੇ ਉੱਘੇ ਆਗੂ ਭਾਈ ਦਲਜੀਤ ਸਿੰਘ ਬਿੱਟੂ, ਉਹਨਾਂ ਦੀ ਪਤਨੀ ਅੰਮ੍ਰਿਤ ਕੌਰ, ਸਾਬਕਾ ਐਡਵੋਕੇਟ ਜਨਰਲ ਅਤੇ ਉੱਘੇ ਵਕੀਲ ਸ. ਰਜਿੰਦਰ ਸਿੰਘ ਚੀਮਾ, ਪੰਜਾਬ ਦੀ ਉੱਘੀ ਨਾਵਲਕਾਰ ਡਾ. ਦਲੀਪ ਕੌਰ ਟਿਵਾਣਾ, ਦੁਨੀਆ ਦੀ ਸਭ ਤੋਂ ਵੱਧ ਉਮਰ ਵਾਲੀ ਦੌੜਾਕ 101 ਸਾਲਾ ਮਾਨ ਕੌਰ, ਕਰਨੈਲ ਸਿੰਘ ਪੀਰ ਮੁਹੰਮਦ, ਉੱਘੇ ਸਿੱਖ ਵਿਦਵਾਨ ਸ. ਅਜਮੇਰ ਸਿੰਘ, ਸੀਨੀਅਰ ਪੱਤਰਕਾਰ ਸ. ਦਲਜੀਤ ਸਿੰਘ ਸਰਾਂ, ਪੰਜਾਬੀ ਦੇ ਸੀਨੀਅਰ ਪ੍ਰੋਫੈਸਰ ਇੰਦਰਜੀਤ ਕੌਰ, ਸਾਬਕਾ ਮੇਅਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ, ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਥਿਏਟਰ ਦੀ ਉੱਘੀ ਕਲਾਕਾਰ ਨੀਲਮ ਮਾਨ ਸਿੰਘ, ਅਸ਼ੋਕ ਸਿੰਘ ਬਾਗੜੀਆ, ਸ਼ੈਰੀ ਵਿਰਕ ਅਤੇ ਦਰਜਨਾਂ ਹੋਰ ਉੱਘੀਆਂ ਸਖਸ਼ੀਅਤਾਂ ਸ਼ਾਮਿਲ ਸਨ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS