ਤਨਮਨਜੀਤ ਸਿੰਘ ਢੇਸੀ

ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ ਹਨ ਤਨਮਨਜੀਤ ਸਿੰਘ ਢੇਸੀ
ਦਸਤਾਰ ਹਰ ਸਿੱਖ ਦਾ ਮਾਣ ਹੈ: ਤਨਮਨਜੀਤ ਸਿੰਘ ਢੇਸੀ
ਅੰਮ੍ਰਿਤਸਰ, (ਜਾਗੋ ਪੰਜਾਬ ਬਿਊਰੋ): ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਪਾਰਲੀਮੈਂਟ ਸ.ਤਨਮਨਜੀਤ ਸਿੰਘ ਢੇਸੀ ਬੀਤੇ ਕੱਲ੍ਹ ਆਪਣੇ ਪਰਿਵਾਰ ਸਮੇਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਜੂਨ 1984 ਨੂੰ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵਲੋਂ ਕੀਤੇ ਹਮਲੇ ਵਿਚ ਬਰਤਾਨੀਆ ਸਰਕਾਰ ਦੀ ਕਥਿਤ ਸ਼ਮੂਲੀਅਤ ਬਾਰੇ ਬੋਲਦਿਆਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਜਾਂਚ ਹੋਈ ਹੈ ਪਰ ਜੋ ਸਿਰਫ ਇਕ ਭੁਲੇਖਾ ਪਾਉਣ ਲਈ ਕੀਤੀ ਗਈ ਸੀ। ਉਹਨਾਂ ਕਿਹਾ ਕਿ ਉਹ ਹੁਣ ਇਸ ਮਾਮਲੇ ਦੀ ਦੁਬਾਰਾ ਜਾਂਚ ਕਰਾਉਣਗੇ ਕਿ ਇਸ ਹਮਲੇ ਵਿਚ ਬਰਤਾਨੀਆ ਸਰਕਾਰ ਦਾ ਕੀ ਰੋਲ ਸੀ।

ਇਸ ਮੌਕੇ ਢੇਸੀ ਨੇ ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹੋਏ ਸਿੱਖ ਕਤਲੇਆਮ ਦਾ ਮੁੱਦਾ ਚੁਕਦਿਆਂ ਕਿਹਾ ਕਿ ਸਿੱਖ ਕੌਮ ਅੱਜ ਵੀ ਉਸ ਕਤਲੇਆਮ ਦਾ ਦਰਦ ਮਹਿਸੂਸ ਕਰਦੀ ਹੈ। ਲੋਕ ਇਨਸਾਫ ਦੀ ਉਡੀਕ ਕਰ ਰਹੇ ਹਨ ਅਤੇ ਸਿਰਫ ਇਨਸਾਫ ਹੀ ਇਸ ਦਰਦ ਤੋਂ ਅੱਗੇ ਵਧਣ ਵਿਚ ਸਹਾਈ ਹੋ ਸਕਦਾ ਹੈ।

ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਬਹੁਤ ਦੇਸ਼ਾਂ ਲਈ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਅਤੇ ਉਹਨਾਂ ਦੀ ਤਰੱਕੀ ਵਿਚ ਵੱਡਾ ਹਿੱਸਾ ਪਾਇਆ, ਪਰ ਦੁੱਖ ਦੀ ਗੱਲ ਹੈ ਕਿ ਉਹਨਾਂ ਹੀ ਦੇਸ਼ਾਂ ਵਿਚ ਸਿੱਖਾਂ ਨੂੰ ਸੁਰੱਖਿਆ ਦੇ ਨਾਂ ‘ਤੇ ਆਪਣੀਆਂ ਦਸਤਾਰਾਂ ਉਤਾਰਨ ਲਈ ਕਿਹਾ ਜਾਂਦਾ ਹੈ। ਉਹਨਾਂ ਕਿਹਾ, “ਦਸਤਾਰ ਹਰ ਸਿੱਖ ਦਾ ਮਾਣ ਹੈ”।

ਉਨ੍ਹਾਂ ਸ਼ਰਧਾ ਸਹਿਤ ਪ੍ਰਕਰਮਾ ਕਰਕੇ ਅਤੇ ਕੜਾਹਿ ਪ੍ਰਸ਼ਾਦ ਦੀ ਦੇਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਭੇਟ ਕਰਕੇ ਗੁਰੂ ਦਰ ‘ਤੇ ਸੀਸ ਨਿਵਾਇਆ ਅਤੇ ਕੁਝ ਸਮਾਂ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸਰਵਨ ਕੀਤਾ। ਇਸ ਮੌਕੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ। ਸ: ਢੇਸੀ ਦੇ ਸਵਾਗਤ ਤੇ ਸਨਮਾਨ ਲਈ ਸ਼ੋ੍ਰਮਣੀ ਕਮੇਟੀ ਦਫ਼ਤਰ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਮੌਕੇ ਜੁੜੀਆਂ ਪੰਥਕ ਸ਼ਖ਼ਸੀਅਤਾਂ ਨੂੰ ਠੇਠ ਪੰਜਾਬੀ ‘ਚ ਸੰਬੋਧਨ ਕਰਦਿਆਂ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਹੋਣ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੇ ਸਿਰ ਦਾ ਤਾਜ ਹੈ ਪਰ ਸਾਡੀਆਂ ਕਦਰਾਂ ਕੀਮਤਾਂ ਵੀ ਉੱਚੀਆਂ ਤੇ ਸੁੱਚੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਯੂ. ਕੇ. ਦੇ ਜੰਮਪਲ ਹਨ ਪਰ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਦੀ ਤਾਂਘ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਸਾਹਿਬ, ਸਿਰੋਪਾਉ, ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਧਾਰਮਿਕ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਪਿਤਾ ਸ: ਜਸਪਾਲ ਸਿੰਘ ਢੇਸੀ, ਚਾਚਾ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੂੰ ਵੀ ਸਿਰੋਪਾਓ ਭੇਟ ਕੀਤੇ ਗਏ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS