ਸੰਕੇਤਕ ਤਸਵੀਰ

ਤਰਨਤਾਰਨ, (ਜਾਗੋ ਪੰਜਾਬ ਬਿਊਰੋ): ਇੱਥੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪੰਡੋਰੀ ਰਣ ਸਿੰਘ ਪਿੰਡ ਵਿਚ ਇਕ ਬਾਲ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਾਜਬੀਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ 13 ਸਾਲਾ ਪੁੱਤਰੀ ਦਾ ਵਿਆਹ ਜਬਰਨ ਪੱਖੋਕੇ ਪਿੰਡ ਦੇ 32 ਸਾਲਾ ਸੰਦੀਪ ਸਿੰਘ ਨਾਲ ਕਰ ਦਿੱਤਾ। ਜਦੋਂ ਕੁੜੀ ਸੰਦੀਪ ਸਿੰਘ ਦੇ ਘਰ ਤੋਂ ਭੱਜ ਕੇ ਆਪਣੇ ਘਰ ਪਰਤ ਆਈ ਤਾਂ ਉਸਦੇ ਪਿਓ ਨੇ ਉਸਨੂੰ ਘਰ ਵਾੜਨ ਤੋਂ ਇਨਕਾਰ ਕਰ ਦਿੱਤਾ ਤੇ ਮਾਰਕੁੱਟ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਝਬਾਲ ਨੇ ਕਿਹਾ ਕਿ ਕਾਨੂੰਨ ਅਨੁਸਾਰ 18 ਸਾਲ ਤੋਂ ਪਹਿਲਾਂ ਕੁੜੀ ਦਾ ਵਿਆਹ ਨਹੀਂ ਕੀਤਾ ਜਾ ਸਕਦਾ ਅਤੇ ਇਸ ਕੇਸ ਵਿਚ ਕੁੜੀ ਦੇ ਮਾਪੇ ਅਤੇ ਮੁੰਡੇ ਵਾਲੇ ਦੋਸ਼ੀ ਹਨ।

ਉਹਨਾਂ ਦੱਸਿਆ ਕਿ 21 ਜੁਲਾਈ ਨੂੰ ਇਹ ਵਿਆਹ ਹੋਇਆ ਸੀ ਅਤੇ ਕੁੜੀ 24 ਜੁਲਾਈ ਨੂੰ ਆਪਣੇ ਪਿਤਾ ਦੇ ਘਰ ਵਾਪਿਸ ਮੁੜ ਆਈ। ਪਰ ਉਸਦੇ ਪਿਤਾ ਨੇ ਉਸਨੂੰ ਘਰ ਨਹੀਂ ਵੜ੍ਹਨ ਦਿੱਤਾ। ਪਿੰਡ ਦੇ ਲੋਕਾਂ ਵਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ। ਸਰਪੰਚ ਸ਼ਰਨਜੀਤ ਸਿੰਘ ਨੇ ਕਿਹਾ ਕਿ ੳੇੁਹਨਾਂ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੂੰ ਇਹ ਪਾਪ ਨਾ ਕਰਨ ਲਈ ਕਿਹਾ, ਪਰ ਪਰਿਵਾਰ ਨੇ ਉਹਨਾਂ ਦੀ ਗੱਲ ਨਹੀਂ ਸੁਣੀ।

ਪਿਤਾ ਵਲੋਂ ਘਰ ਦਾਖਿਲ ਨਾ ਹੋਣ ਦੇਣ ਦੀ ਸੂਰਤ ਵਿਚ ਪੀੜਤ ਕੁੜੀ ਝਬਾਲ ਪੁਲਿਸ ਥਾਣੇ ਸ਼ਿਕਾਇਤ ਦਰਜ ਕਰਾਉਣ ਗਈ। ਵਕੀਲ ਨਵਜੋਤ ਕੌਰ ਝਬਾਲ ਨੇ ਕਿਹਾ ਕਿ ਪੁਲਿਸ ਨੇ ਕੋਈ ਕਾਰਵਾਈ ਕਰਨ ਦੀ ਬਜਾਏ, ਕੁੜੀ ਨੂੰ ਵਾਪਿਸ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ, ਜੋ ਉਸ ਉੱਤੇ ਆਪਣੇ ਸਹੁਰੇ ਘਰ ਜਾਣ ਦਾ ਲਗਾਤਾਰ ਦਬਾਅ ਬਣਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਪੁਲਿਸ ਪੀੜਤ ਕੁੜੀ ਦੇ ਪਰਿਵਾਰ ਅਤੇ ਜਿਸ ਪਰਿਵਾਰ ਵਿਚ ਉਹ ਵਿਆਹੀ ਗਈ ਦੋਵਾਂ ਉੱਤੇ ਸਖਤ ਕਾਰਵਾਈ ਕਰੇ।

ਉਹਨਾਂ ਦੱਸਿਆ ਕਿ ਇਸ ਕੇਸ ਸਬੰਧੀ ਉਹਨਾਂ ਔਰਤਾਂ ਦੀ ਮਦਦ ਵਾਸਤੇ ਬਣਾਈ ਗਈ ਹੈਲਪਲਾਈਨ 181 ਉੱਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
Must Watch Video:

 

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS