ਹਰਪ੍ਰੀਤ ਸਿੰਘ ਜਵੰਦਾ

ਨੱਬੇ ਕਾਨਵੇਂ ਦੀ ਗੱਲ ਹੈ ਪੰਜਾਬ ਦੀ ਸਿੱਖ ਨੌਜੁਆਨੀ ਦਾ ਘਾਣ ਸਿਖਰਾਂ ਤੇ ਸੀ। ਗੁਰਦਾਸਪੁਰ ਜਿਲੇ ਦੇ ਧਾਰੀਵਾਲ ਥਾਣੇ ਵਿਚ ਮੱਖਣ ਸਿੰਘ ਨਾਮ ਦਾ ਐਸ. ਐੱਚ. ਓ. ਕਿਸੇ ਵੇਲੇ ਸਿਪਾਹੀ ਭਰਤੀ ਹੋਇਆ ਸੀ ਤੇ ਥੋੜੇ ਅਰਸੇ ਵਿਚ ਹੀ ਤਰੱਕੀ ਕਰ ਕੇ ਇੰਸਪੈੱਕਟਰ ਬਣ ਗਿਆ।

ਹੱਦੋਂ ਵੱਧ ਨਿਰਦਈ, ਤਰਸ ਤੋਂ ਕੋਹਾਂ ਦੂਰ ਵੱਸਦੀ ਜਾਲਿਮ ਸੋਚ, ਜ਼ੁਬਾਨ ਰੋਹੀ ਦੇ ਅੱਕ ਤੋਂ ਵੀ ਕੌੜੀ, ਚਪੇੜ ਤੇ ਗਾਲ ਪਹਿਲਾਂ ਕਰਨੀ ਤੇ ਗੱਲ ਬਾਅਦ ਵਿੱਚ..ਥੋੜੇ ਚਿਰ ਵਿਚ ਹੀ ਮੱਖਣ ਜ਼ੱਲਾਦ ਨਾਮ ਪੈ ਗਿਆ। ਗੱਲ ਮਸ਼ਹੂਰ ਸੀ ਕੀ ਬੰਦਾ ਗੱਡੀ ਥੱਲੇ ਆਇਆ ਬਚ ਸਕਦਾ ਪਰ ਇਸਦੀ ਹਿਰਾਸਤ ਚੋਂ ਜਿਉਂਦਾ ਨੀ ਸੀ ਮੁੜਦਾ।

ਓਹਨੀ ਦਿੰਨੀ ਕੋਟਾ ਫਿਕਸ ਹੁੰਦਾ ਸੀ ਕਿ ਅੱਜ ਜਾਇਜ ਨਜਾਇਜ ਏਨੇ ਮਾਰਨੇ ਹੀ ਮਾਰਨੇ। ਨਾਮਾਤਰ ਆਟੇ ਨਾਲੋਂ ਬੇਹਿਸਾਬ ਘੁਣ ਜਿਆਦਾ ਪੀਹਿਆ ਜਾ ਰਿਹਾ ਸੀ..ਕੋਈ ਅਪੀਲ ਦਲੀਲ ਨਹੀਂ ਸੀ..ਝੂਠੇ-ਸੱਚਿਆਂ ਦਾ ਵੀ ਕੋਈ ਹਿਸਾਬ ਕਿਤਾਬ ਨੀ ਸੀ।

ਮੱਖਣ ਜ਼ੱਲਾਦ ਅਕਸਰ ਹੀ ਕੋਟਾ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਪੂਰੇ ਕਰ ਲਿਆ ਕਰਦਾ। ਹਰ ਚੜਦੀ ਉਮਰ ਦਾ ਸਾਬਤ ਸੂਰਤ ਗੱਭਰੂ..ਇਹਨਾਂ ਦੀ ਨਜਰ ਵਿਚ ਖਾੜਕੂ।

ਧਾਰੀਵਾਲ ਤੋਂ ਕੋਈ 6 ਕਿਲੋਮੀਟਰ ਦੂਰ ਪਿੰਡ ਰਾਇ -ਚੱਕ।

ਓਹਨੀਂ ਦਿਨੀਂ ਜਾਣਕਾਰਾਂ ਵਿਚੋਂ ਇੱਕ ਵੀਹਾਂ-ਬਾਈਆਂ ਸਾਲਾਂ ਦਾ ਬਲਦੇਵ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐਮ.ਏ ਦਾ ਹੋਣਹਾਰ ਵਿਦਿਆਰਥੀ ਅੰਮ੍ਰਿਤਧਾਰੀ ਹੋਣ ਕਰਕੇ ਇਸਦੇ ਨਜ਼ਰੇ ਚੜ ਗਿਆ.. ਬੱਸ ਫੇਰ ਕੀ ਸੀ..ਨਿੱਤ ਦਿਹਾੜੇ ਪੁਲਸ ਦੇ ਛਾਪੇ ਸ਼ੁਰੂ ਹੋ ਗਏ।

ਖੇਤਾਂ ਵਿਚ ਡੇਰਾ ਸੀ ਅਕਸਰ ਹੀ ਪੁਲਸ ਦੇਖ ਇਧਰ ਓਧਰ ਹੋ ਜਾਂਦਾ।

ਮਾਂ ਬਥੇਰੇ ਵਾਸਤੇ ਪਾਏ..ਕੇ ਮੱਖਣ ਸਿਹਾਂ ਮੁੰਡਾ ਬੇਕਸੂਰ ਈ..ਖਹਿੜਾ ਛੱਡ ਦੇ ਏਹਦਾ ਰੱਬ ਦਾ ਵਾਸਤਾ ਈ। ਅਗੋਂ ਕਹਿੰਦਾ, “ਛੱਡਣਾ ਨੀ ਬੁੜੀਏ, ਭਾਵੇਂ ਜਿਥੇ ਮਰਜੀ ਲੁਕਾ ਲੈ।”

ਅਖੀਰ ਓਹੀ ਗੱਲ ਹੋਈ। ਇੱਕ ਦਿਨ ਸਵੇਰੇ ਸਵੇਰੇ ਰੋਟੀ ਖਾਂਦਾ ਕਾਬੂ ਆ ਗਿਆ..ਪਹਿਲਾਂ ਵੇਹੜੇ ਵਿਚ ਹੀ ਛੱਲੀਆਂ ਵਾਂਙ ਦੱਬ ਕੇ ਕੁੱਟਿਆ। ਫੇਰ ਅਧਮੋਇਆ ਕਰ ਜਿਪਸੀ ਵਿਚ ਸੁੱਟ ਪਤਾ ਨੀ ਕਿਥੇ ਲੈ ਗਏ।

ਮਾਂ ਵਿਚਾਰੀ ਬਥੇਰਾ ਜਿਪਸੀ ਮਗਰ ਭੱਜੀ..ਪਰ ਵਾਹ ਨਾ ਗਈ। ਕੁਝ ਦਿਨ ਬਥੇਰੀ ਦੌੜ ਭੱਜ ਕੀਤੀ ਪਰ ਅੱਗੋਂ ਸਾਫ ਮੁੱਕਰ ਜਾਇਆ ਕਰੇ ਕੇ ਮੈਂ ਚੁੱਕਿਆ ਹੀ ਨੀ।

ਤੀਜੇ ਦਿਨ ਲਾਗੇ ਵਗਦੀ ਨਹਿਰ ਕੋਲ ਮੁਕਾਬਲਾ ਬਣਾ ਦਿੱਤਾ।

ਸੁੱਚਾ ਸਿੰਘ ਛੋਟੇਪੁਰ ਦੀ ਦੋਨੋ ਪਾਸੇ ਚੰਗੀ ਬਣਦੀ ਸੀ..ਆਖਣ ਲੱਗਾ ਘੱਟੋ-ਘੱਟ ਲਾਸ਼ ਦੁਆ ਦਿੰਦਾ ਹਾਂ..ਸੰਸਕਾਰ ਕਰ ਲਿਓ ਆਪੇ..।

ਹੁਣੇ ਕਿਸੇ ਨੇ ਦੱਸਿਆ ਕਿ..ਅੰਮ੍ਰਿਤਸਰ ਦੇ ਕਿਸੇ ਹਸਪਤਾਲ ਵਿੱਚ ਮਰਨੇ ਪਏ ਦਾ ਅੰਤ ਬੜਾ ਹੀ ਭੈੜਾ ਹੋਇਆ।

ਬਲਦੇਵ ਸਿੰਘ ਦੀ ਮਾਂ ਅਕਸਰ ਜ਼ਿਦ ਕਰਿਆ ਕਰੇ ਕਿ ਕੋਈ ਉਸ ਹਸਪਤਾਲ ਲੈ ਚੱਲੋ ਜਿਥੇ ਮੱਖਣ ਸਿੰਘ ਭਰਤੀ ਹੈ.. ਇੱਕ ਗੱਲ ਪੁੱਛਣੀ ਹੈ ਕਿ ਮਾਰਨ ਤੋਂ ਪਹਿਲਾਂ ਕਿਹੜੇ ਕਿਹੜੇ ਤਸੀਹੇ ਦਿੱਤੇ ਸੀ ਉਸ ਜੀਉਣ ਜੋਗੇ ਨੂੰ ਤੇ ਕੋਈ ਸੁਨੇਹਾ ਤੇ ਨਹੀਂ ਸੀ ਦੇ ਗਿਆ ਸੁਆਸ ਛੱਡਣ ਤੋਂ ਪਹਿਲਾਂ।

ਪਰ ਕਹਿੰਦੇ ਅਧਰੰਗ ਨਾਲ ਐਸਾ ਪਾਸਾ ਮਾਰਿਆ ਗਿਆ ਕਿ ਮੱਖਣ ਸਿੰਘ ਕੋਲੋਂ ਆਖਰੀ ਵੇਲੇ ਬੋਲਿਆ ਤੇ ਉਠਿਆ ਨੀ ਸੀ ਜਾਂਦਾ..ਟੱਟੀ ਪਿਸ਼ਾਬ ਵੀ ਮੰਜੇ ਤੇ ਹੀ।

ਧੱਕਾ ਜਿਸਨੇ ਮਰਜ਼ੀ ਕੀਤਾ ਹੋਵੇ ਲੇਖਾ ਜੋਖਾ ਇਥੇ ਹੀ ਨਕਦੋ-ਨਕਦ ਪੂਰਾ ਕਰੀ ਜਾਂਦਾ ਉੱਪਰ ਵਾਲਾ। ਝੂਠੇ ਨਜਾਇਜ ਮੁਕਾਬਲੇ ਬਣਾ ਬਣਾ ਕਮਾਏ ਕਿਸੇ ਲੇਖੇ ਨੀ ਲੱਗੇ। ਕਿਸੇ ਦੀ ਔਲਾਦ ਮਾੜੀ ਨਿੱਕਲੀ ਤੇ ਕਈ ਆਪ ਮੱਖਣ ਸਿੰਘ ਵਾਲੀ ਮੌਤ ਮਰੇ।

ਬਾਕੀ ਕੋਈ ਮੰਨੇ ਤੇ ਭਾਵੇਂ ਨਾ ਪਰ ਜੰਮਣ ਵਾਲੀਆਂ ਦੇ ਹਾਵੇ-ਹੌਕੇ ਅਸਮਾਨੀ ਬਿਜਲੀ ਬਣ ਅਕਸਰ ਹੀ ਇਹਨਾਂ ਜੱਲਾਦਾਂ ਤੇ ਡਿੱਗਦੇ ਰਹਿੰਦੇ ਨੇ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS