ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

ਬੀਜ਼ਿੰਗ, (ਜਾਗੋ ਪੰਜਾਬ ਬਿਊਰੋ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਵਿਚ ਹਰ ਹਮਲਾਵਰ ਦੁਸ਼ਮਣ ਨੂੰ ਹਰਾਉਣ ਦਾ ਵਿਸ਼ਵਾਸ ਅਤੇ ਸਮਰੱਥਾ ਹੈ। ਚੀਨੀ ਰਾਸ਼ਟਰਪਤੀ ਨੇ ਇਹ ਸ਼ਬਦ ਦੇਸ਼ ਦੇ ਸਭ ਤੋਂ ਵੱਡੇ ਫੌਜੀ ਟਿਕਾਣੇ ਉੱਤੇ ਦੁਨੀਆ ਦੀ ਸਭ ਤੋਂ ਵੱਡੀ ਫੌਜ ਪੀਐਲਏ ਦੇ 90ਵੇਂ ਸਥਾਪਨਾ ਦਿਵਸ ਸਬੰਧੀ ਹੋ ਰਹੀ ਮਿਲਟਰੀ ਪਰੇਡ ਦੌਰਾਨ ਆਪਣੇ 10 ਮਿੰਟ ਦੇ ਸੰਬੋਧਨ ਵਿਚ ਕਹੇ।

ਸ਼ੀ ਨੇ ਕਿਹਾ ਕਿ ਪੀਐਲਏ ਨੂੰ ਕਮਿਊਨਿਸਟ ਪਾਰਟੀ ਆਫ ਚੀਨ (ਸੀਪੀਸੀ) ਦੀ ਅਗਵਾਈ ਨੂੰ ਪੂਰੀ ਸਖਤੀ ਨਾਲ ਮੰਨਣਾ ਚਾਹੀਦਾ ਹੈ ਅਤੇ ਜਿੱਥੇ ਵੀ ਪਾਰਟੀ ਕਹੇ ਉਸ ਪਾਸੇ ਵਲ ਵਧਣਾ ਚਾਹੀਦਾ ਹੈ।

ਹਲਾਂਕਿ ਸ਼ੀ ਦੇ ਸੰਬੋਧਨ ਵਿਚ ਭਾਰਤ ਨਾਲ ਸਰਹੱਦੀ ਵਿਵਾਦ ਬਾਰੇ ਕੋਈ ਜ਼ਿਕਰ ਨਹੀਂ ਸੀ ਪਰ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਚੀਨ ਸਰਕਾਰ ਦੇ ਰੱਖਿਆ ਅਤੇ ਵਿਦੇਸ਼ ਮੰਤਰਾਲੇ ਵਲੋਂ ਚੀਨ ਦੇ ਇਲਾਕੇ ਵਿਚ ਭਾਰਤੀ ਫੌਜ ਦੀ ਘੁਸਪੈਠ ਦੇ ਦਾਅਵੇ ਕੀਤੇ ਜਾ ਰਹੇ ਹਨ।

ਫੌਜੀ ਵਰਦੀ ਵਿਚ ਸਜੇ 64 ਸਾਲਾ ਸ਼ੀ ਨੇ ਕਿਹਾ ਕਿ ਚੀਨੀ ਫੌਜ ਵਿਚ ਦੇਸ਼ ਦੀ ਪ੍ਰਭੂਸੱਤਾ ਦੀ ਸੁਰੱਖਿਆ ਕਰਨ ਦੀ ਪੂਰੀ ਸਮਰੱਥਾ ਅਤੇ ਵਿਸ਼ਵਾਸ ਹੈ। ਇਸ ਪਰੇਡ ਵਿਚ ਚੀਨ ਦੀ ਫੌਜ ਅਤੇ ਹਵਾਈ ਸੈਨਾ ਵਲੋਂ ਕਈ ਨਵੇਂ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਜਿਹਨਾਂ ਵਿਚ ਉਹ ਨਵਾਂ ਬਣਾਇਆ ਟੈਂਕ ਵੀ ਸ਼ਾਮਿਲ ਸੀ ਜਿਸ ਦੀਆਂ ਬੀਤੇ ਦਿਨਾਂ ਦੌਰਾਨ ਭਾਰਤੀ ਸਰਹੱਦ ਨਾਲ ਲਗਦੇ ਉੱਚੇ ਇਲਾਕਿਆਂ ਵਿਚ ਪ੍ਰੀਖਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਹੋਰ ਹਥਿਆਰਾਂ ਵਿਚ ਲੰਬੀ ਦੂਰੀ ਵਾਲੀਆਂ ਪਰਮਾਣੂ ਅਤੇ ਰਵਾਇਤੀ ਮਿਜ਼ਾਇਲਾਂ ਸ਼ਾਮਿਲ ਸਨ। ਇਸ ਪਰੇਡ ਵਿਚ 12000 ਜਵਾਨਾਂ ਨੇ ਭਾਗ ਲਿਆ।

ਗੌਰਤਲਬ ਹੈ ਕਿ ਚੀਨ ਦਾ ਫੌਜੀ ਬਜਟ 152 ਬਿਲੀਅਨ ਡਾਲਰ ਦਾ ਹੈ ਜੋ ਦੁਨੀਆ ਵਿਚ ਅਮਰੀਕਾ ਦੇ ਫੌਜੀ ਬਜਟ ਤੋਂ ਬਾਅਦ ਤੋਂ ਬਾਅਦ ਸਭ ਤੋਂ ਵੱਡਾ ਫੌਜੀ ਬਜਟ ਹੈ।

ਇੱਥੇ ਇਹ ਵੀ ਦਸਣਯੋਗ ਹੈ ਕਿ ਪੀਐਲਏ ਦੀ ਸਥਾਪਨਾ 1 ਅਗਸਤ 1927 ਨੂੰ ਕੀਤੀ ਗਈ ਸੀ ਜਦੋਂ ਸੱਤਾਧਾਰੀ ਸੀਪੀਸੀ ਆਪਣੇ ਆਗੂ ਮਾਓ ਜ਼ੇਡੋਂਗ ਦੀ ਅਗਵਾਈ ਵਿਚ ਨੈਸ਼ਨਲ ਲਿਬਰੇਸ਼ਨ ਮੂਵਮੈਂਟ ਚਲਾ ਰਹੀ ਸੀ। ਇਹ ਦੁਨੀਆ ਦੀ ਇਕੋ ਅਜਿਹੀ ਰਾਸ਼ਟਰੀ ਫੌਜ ਹੈ ਜੋ ਅੱਜ ਵੀ ਚੀਨ ਸਰਕਾਰ ਦੇ ਅਧੀਨ ਨਾ ਹੋ ਕੇ ਸੀਪੀਸੀ ਪਾਰਟੀ ਦੀ ਅਗਵਾਈ ਵਿਚ ਕੰਮ ਕਰਦੀ ਹੈ।

ਸ਼ੀ ਨੇ ਕਿਹਾ ਕਿਹਾ ਕਿ ਚੀਨ ਨੂੰ ਅੱਜ ਪਹਿਲਾਂ ਨਾਲੋਂ ਜਿਆਦਾ ਮਜ਼ਬੂਤ ਫੌਜ ਦੀ ਲੋੜ ਹੈ। ਉਹਨਾਂ ਕਿਹਾ ਕਿ ਸ਼ਾਂਤੀ ਦਾ ਅਨੰਦ ਮਾਣਨਾ ਲੋਕਾਂ ਲਈ ਇਕ ਸੌਗਾਤ ਹੈ, ਜਦਕਿ ਸ਼ਾਂਤੀ ਦੀ ਰੱਖਿਆ ਕਰਨੀ ਲੋਕਾਂ ਦੀ ਫੌਜ ਦੀ ਜਿੰਮੇਵਾਰੀ ਹੈ।

Must Watch Video:

 

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS