ਬੀਫ ਨਿਰਯਾਤ ਵਿਚ ਭਾਰਤ ਦੁਨੀਆ ਦਾ ਤੀਜਾ ਵੱਡਾ ਦੇਸ਼
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵੀਟ ਕਰਨ ਵਿਚ ਮਸ਼ਰੂਫ ਹਨ ਅਤੇ ਹਿੰਦੂ ਭੀੜਾਂ ਘੱਟਗਿਣਤੀਆਂ ਤੇ ਦਲਿਤਾਂ ਦੇ ਕਤਲ ਕਰਨ ਵਿਚ ਮਸ਼ਰੂਫ ਹਨ

ਸੁਖਵਿੰਦਰ ਸਿੰਘ
ਭਾਰਤ ਵਿਚ ਰਹਿਣਾ ਅੱਜ ਘੱਟਗਿਣਤੀ ਕੌਮਾਂ ਅਤੇ ਭਾਈਚਾਰਿਆਂ ਲਈ ਨਰਕ ਭੋਗਣ ਬਰਾਬਰ ਬਣਦਾ ਜਾ ਰਿਹਾ ਹੈ, ਜਿੱਥੇ ਘੱਟਗਿਣਤੀ ਨਾਲ ਸਬੰਧਿਤ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਕਦੋਂ, ਕਿਸ ਥਾਂ ਉਸ ਨੂੰ ਹਿੰਦੂ ਭੀੜ ਆਪਣੀਆਂ ਧਾਰਮਿਕ ਭਾਵਨਾਵਾਂ ਦਾ ਬਹਾਨਾ ਬਣਾ ਕੇ ਕਤਲ ਕਰ ਦਵੇਗੀ। ਅੱਜ ਕੱਲ੍ਹ ਦੇ ਦੌਰ ਵਿਚ ਬਹੁਗਿਣਤੀ ਨੇ ਘੱਟਗਿਣਤੀਆਂ ‘ਤੇ ਹਮਲੇ ਲਈ ਜਿਸ ਚਿੰਨ੍ਹ ਨੂੰ ਬਹਾਨਾ ਬਣਾਇਆ ਹੈ ਉਹ ਹੈ ‘ਗਾਂ’।

ਅੱਜ ਕੱਲ੍ਹ ‘ਬੀਫ’ ਸ਼ਬਦ ਆਮ ਸੁਣਨ ਨੂੰ ਮਿਲ ਰਿਹਾ ਹੈ। ਬੀਫ ਸ਼ਬਦ ਗਾਂ, ਬਲਦ, ਮੱਝ, ਝੋਟੇ ਦੇ ਮੀਟ ਲਈ ਵਰਤਿਆ ਜਾਂਦਾ ਹੈ। ਭਾਰਤ ਵਿਚ ਜਿੱਥੇ ਕੁਝ ਸੂਬਿਆਂ ਵਿਚ ਗਾਂ ਦਾ ਮੀਟ ਖਾਣ, ਵੇਚਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ, ਉੱਥੇ ਕੁਝ ਸੂਬਿਆਂ ਵਿਚ ਇਹ ਖਾਇਆ ਵੀ ਜਾ ਸਕਦਾ ਹੈ ਤੇ ਵੇਚਿਆ ਵੀ ਜਾ ਸਕਦਾ ਹੈ। ਭਾਵ ਕਿ ਕੁਝ ਸੂਬਿਆਂ ਵਿਚ ਗਾਂ ਪਵਿੱਤਰ ਮਾਤਾ ਹੈ, ਕੁਝ ਵਿਚ ਮਹਿਜ਼ ਜਾਨਵਰ। ਭਾਰਤ ਵਿਚ ਹਿੰਦੂਤਵੀ ਰਾਸ਼ਟਰਵਾਦ ਦੀ ਪ੍ਰਤੀਨਿੱਧ ਜਮਾਤ ਆਰ.ਐਸ.ਐਸ ਦੀ ਰਾਜਨੀਤਕ ਪਾਰਟੀ ਭਾਜਪਾ ਦੇ ਕੇਂਦਰੀ ਸੱਤਾ ‘ਤੇ ਕਾਬਜ ਹੋਣ ਤੋਂ ਬਾਅਦ ਭਾਰਤੀ ਰਾਸ਼ਟਰਵਾਦ ਦਾ ਹਿੰਦੂ ਰਾਸ਼ਟਰਵਾਦੀ ਖਾਸਾ ਨੰਗੇ ਚਿੱਟੇ ਰੂਪ ਵਿਚ ਸਾਹਮਣੇ ਆਉਣ ਲੱਗਾ ਹੈ ਜਿਸ ਦੀ ਇਕ ਵੱਡੀ ਉਦਾਹਰਣ ਇਹ ਗਾਂ ਦੇ ਮੀਟ ਦਾ ਮਸਲਾ ਹੈ।

ਇਸ ਮਸਲੇ ਦੀਆਂ ਬਹੁਤ ਪਰਤਾਂ ਹਨ, ਜਿਹਨਾਂ ਨੂੰ ਸਮਝਣ ਲਈ ਇਕ ਡੂੰਘੀ ਵਿਚਾਰ ਦੀ ਲੋੜ ਹੈ, ਪਰ ਅੱਜ ਅਸੀਂ ਇਸ ਦੇ ਇਕ ਪੱਖ ‘ਤੇ ਨਜ਼ਰ ਮਾਰਾਂਗੇ ਕਿ ਕਿਸ ਤਰ੍ਹਾਂ ਭਾਰਤ ਵਿਚ ਇਕੋ ਰਾਜਨੀਤਕ ਤਾਣੇ ਬਾਣੇ ਅਧੀਨ ਇਕ ਪਾਸੇ ਗਾਂ ਦੇ ਮੀਟ ਦਾ ਬਹਾਨਾ ਬਣਾ ਕੇ ਘੱਟਗਿਣਤੀ ਕੌਮਾਂ ਅਤੇ ਦਲਿਤ ਵਰਗਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਉਸੇ ਸਰਕਾਰੀ ਤਾਣੇ-ਬਾਣੇ ਅਧੀਨ ਭਾਰਤ ਵਿਦੇਸ਼ਾਂ ਦੇ ਲੋਕਾਂ ਨੂੰ ਖਾਣ ਲਈ ਬੀਫ ਬੇਚ ਰਿਹਾ ਹੈ। ਦੁਨੀਆ ਦੇ ਵੱਡੇ ਬੀਫ ਨਿਰਯਾਤਕਾਂ ਵਿਚੋਂ ਭਾਰਤ ਤੀਜੇ ਨੰਬਰ ‘ਤੇ ਹੈ।

ਪਹਿਲਾਂ ਅਸੀਂ ਉਹਨਾਂ ਅੰਕੜਿਆਂ ‘ਤੇ ਨਜ਼ਰ ਮਾਰੀਏ ਜੋ ਸਾਨੂੰ ਉਹਨਾਂ ਘਟਨਾਵਾਂ ਬਾਰੇ ਦਸਦੇ ਹਨ ਜਿਹਨਾਂ ਵਿਚ ਗਾਂ ਦੇ ਮੀਟ ਦਾ ਬਹਾਨਾ ਲਾ ਕੇ ਬਦਮਾਸ਼ ਗਊ ਰੱਖਿਅਕਾਂ ਵਲੋਂ ਘੱਟਗਿਣਤੀ ਅਤੇ ਪਛੜੇ ਵਰਗਾਂ ਨਾਲ ਸਬੰਧਿਤ ਲੋਕਾਂ ਦਾ ਕਤਲੇਆਮ ਕੀਤਾ ਗਿਆ।

ਹਿੰਦੁਸਤਾਨ ਟਾਈਮਜ਼ ਅਖਬਾਰ ਦੀ ਰਿਪੋਰਟ ਅਨੁਸਾਰ 1 ਅਪ੍ਰੈਲ, 2017 ਨੂੰ ਭਾਜਪਾ ਦੀ ਸਰਕਾਰ ਵਾਲੇ ਸੂਬੇ ਰਾਜਸਥਾਨ ਦੇ ਅਲਵਰ ਵਿਚ ਗਾਂ ਦੇ ਮੀਟ ਦਾ ਬਹਾਨਾ ਬਣਾ ਕੇ ਹਿੰਦੂ ਭੀੜ ਵਲੋਂ ਮਾਰੇ ਗਏ 55 ਸਾਲਾ ਪਹਿਲੂ ਖਾਨ ਦੇ ਕੇਸ ਤੋਂ ਸ਼ੁਰੂ ਹੋ ਕੇ ਹੁਣ ਤਕ 120 ਦਿਨਾਂ ਵਿਚ 26 ਅਜਿਹੇ ਹਮਲੇ ਦਰਜ ਹੋ ਚੁੱਕੇ ਹਨ ਜਿਹਨਾਂ ਵਿਚ ਹਿੰਦੂ ਭੀੜ ਵਲੋਂ ਗਾਂ ਦੇ ਮੀਟ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਮਾਰਿਆ ਗਿਆ ਜਿਸ ਦੇ ਜਿਆਦਾ ਸ਼ਿਕਾਰ ਮੁਸਲਮਾਨ ਹੋਏ ਹਨ।

ਪ੍ਰਾਪਤ ਅੰਕੜਿਆਂ ਅਨੁਸਾਰ ਮਈ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਤੋਂ ਭਾਜਪਾ ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਹੋਈ ਹੈ, ਇਸ ਤਰ੍ਹਾਂ ਦੇ ਕਤਲੇਆਮ ਦੀਆਂ 68 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਹਨਾਂ ਵਿਚੋਂ 38 ਘਟਨਾਵਾਂ ਉਹਨਾਂ ਸੂਬਿਆਂ ਵਿਚ ਵਾਪਰੀਆਂ ਹਨ ਜਿਹਨਾਂ ਵਿਚ ਭਾਜਪਾ ਦੀ ਸਰਕਾਰ ਸੀ।

ਹੁਣ ਤਕ ਇਹਨਾਂ ਘਟਨਾਵਾਂ ਵਿਚ 28 ਲੋਕਾਂ ਨੂੰ ਹਿੰਦੂ ਭੀੜਾਂ ਨੇ ਕਤਲ ਕਰ ਦਿੱਤਾ ਹੈ ਅਤੇ 136 ਦੇ ਕਰੀਬ ਲੋਕ ਕੁੱਟਮਾਰ ਨਾਲ ਜ਼ਖਮੀ ਹੋਏ ਹਨ। ਰਿਪੋਰਟਾਂ ਮੁਤਾਬਿਕ ਭਾਰਤ ਵਿਚ 28 ਸਤੰਬਰ, 2015 ਤੋਂ ਬਾਅਦ ਹੁਣ ਤਕ ਘੱਟਗਿਣਤੀਆਂ ਅਤੇ ਦਲਿਤਾਂ ਖਿਲਾਫ ਨਫਰਤ ਦੀਆਂ 125 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਕ ਹੋਰ ਗੱਲ ਜੋ ਹੈਰਾਨ ਕਰਨ ਵਾਲੀ ਹੈ ਕਿ ਭੀੜਾਂ ਵਲੋਂ ਕੀਤੇ ਗਏ ਇਹਨਾਂ ਹਮਲਿਆਂ ਵਿਚੋਂ 49% ਘਟਨਾਵਾਂ ਵਿਚ ਪੁਲਿਸ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਪੀੜਤਾਂ ਵਿਰੁੱਧ ਹੀ ਕੇਸ ਦਰਜ ਕਰ ਦਿੱਤੇ। ਇਹ ਵੀ ਸਾਹਮਣੇ ਆਇਆ ਹੈ ਕਿ ਬਹੁਤ ਹਮਲੇ ਪੁਲਿਸ ਦੀ ਮੋਜੂਦਗੀ ਵਿਚ ਹੀ ਕੀਤੇ ਗਏ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵੀਟ ਕਰਨ ਵਿਚ ਮਸ਼ਰੂਫ ਹਨ ਅਤੇ ਹਿੰਦੂ ਭੀੜਾਂ ਘੱਟਗਿਣਤੀਆਂ ਤੇ ਦਲਿਤਾਂ ਦੇ ਕਤਲ ਕਰਨ ਵਿਚ ਮਸ਼ਰੂਫ ਹਨ।

ਭਾਰਤ ਦਾ ਬੀਫ ਨਿਰਯਾਤ ਕਰਨ ਵਿਚ ਦੁਨੀਆਂ ਵਿਚੋਂ ਤੀਜਾ ਸਥਾਨ

ਜਦੋਂ ਬੀਫ ਦੇ ਬਹਾਨੇ ਹਿੰਦੂ ਭੀੜਾਂ ਭਾਰਤ ਵਿਚ ਘੱਟਗਿਣਤੀਆਂ ਨੂੰ ਕਤਲ ਕਰ ਰਹੀਆਂ ਹਨ ਤਾਂ ਦੂਜੇ ਪਾਸੇ ਭਾਰਤ ਲਗਾਤਾਰ ਵਿਦੇਸ਼ਾਂ ਨੂੰ ਬੀਫ ਨਿਰਯਾਤ ਕਰਨ ਵਿਚ ਵੱਡਾ ਹਿੱਸੇਦਾਰ ਬਣਿਆ ਹੋਇਆ ਹੈ। ਫੂਡ ਐਂਡ ਐਗਰੀਕਲਚਰ ਔਰਗਨਾਈਜ਼ੇਸ਼ਨ (ਐਫ ਏ ਓ) ਅਤੇ ਔਰਗਨਾਈਜ਼ੇਸ਼ਨ ਫਾਰ ਇਕੋਨੋਮਿਕ ਕੋਆਪਰੇਸ਼ਨ ਐਂਡ ਡਿਵਲੈਪਮੈਂਟ (ਓ ਈ ਸੀ ਡੀ) ਦੀ ਰਿਪੋਰਟ ਅਨੁਸਾਰ ਭਾਰਤ ਦੁਨੀਆ ਵਿਚ ਸਭ ਤੋਂ ਵੱਧ ਬੀਫ ਨਿਰਯਾਤ ਕਰਨ ਵਾਲਾ ਤੀਜਾ ਦੇਸ਼ ਹੈ ਤੇ ਭਾਰਤ ਦਾ ਇਹ ਦਰਜਾ ਅਗਲੇ ਦਹਾਕੇ ਤਕ ਕਾਇਮ ਰਹੇਗਾ।

ਇਸ ਹਫਤੇ ਜਾਰੀ ਹੋਈ ਇਸ ਰਿਪੋਰਟ ਵਿਚ ਕਿਹਾ ਗਿਆ ਕਿ ਭਾਰਤ ਨੇ ਪਿਛਲੇ ਸਾਲ 1.56 ਮੀਲੀਅਨ ਟਨ ਬੀਫ ਨਿਰਯਾਤ ਕੀਤਾ ਸੀ। 2016 ਵਿਚ ਦੁਨੀਆ ਵਿਚ ਨਿਰਯਾਤ ਕੀਤੇ ਗਏ ਬੀਫ ਦੀ ਕੁੱਲ ਸੰਖਿਆ 10.95 ਮੀਲੀਅਨ ਟਨ ਸੀ। ਰਿਪੋਰਟ ਅਨੁਸਾਰ ਭਾਰਤ ਤੋਂ ਉੱਤੇ ਬੀਫ ਨਿਰਯਾਤ ਕਰਨ ਵਿਚ ਬ੍ਰਾਜ਼ੀਲ ਦਾ ਪਹਿਲਾ ਅਤੇ ਅਸਟਰੇਲੀਆ ਦਾ ਦੂਜਾ ਸਥਾਨ ਹੈ।

ਜਿਕਰਯੋਗ ਹੈ ਕਿ ਭਾਰਤ ਸਰਕਾਰ ਨੇ 26 ਮਈ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਪਸ਼ੂ ਮੰਡੀਆਂ ਵਿਚ ਪਸ਼ੂਆਂ ਨੂੰ ਮੀਟ ਲਈ ਨਹੀਂ ਬੇਚਿਆ ਜਾ ਸਕਦਾ। ਇਸ ਤੋਂ ਇਲਾਵਾ ਹਿੰਦੂ ਭੀੜਾਂ ਵਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਵੀ ਪਸ਼ੂ ਵਪਾਰ ਨੂੰ ਵੱਡੀ ਸੱਟ ਵੱਜੀ ਹੈ। ਪਹਿਲਾਂ ਹੀ ਮਾੜੀ ਆਰਥਿਕਤਾ ਦੀ ਸ਼ਿਕਾਰ ਕਿਸਾਨੀ ਲਈ ਇਹ ਫੈਂਸਲੇ ਹੋਰ ਲੱਕ ਤੋੜਨ ਵਾਲੇ ਹਨ। ਪੰਜਾਬ ਵਿਚ ਬੀਤੇ ਸਮੇਂ ਦੌਰਾਨ ਵਧਫੁੱਲ ਰਿਹਾ ਗਾਵਾਂ ਦੀ ਡੇਅਰੀ ਦਾ ਧੰਦਾ ਇਸ ਮਾਹੌਲ ਕਾਰਨ ਮੁੰਧੇ ਮੂੰਹ ਡਿਗਦਾ ਨਜ਼ਰ ਆ ਰਿਹਾ ਹੈ। ਛੋਟੇ ਬੁੱਚੜਾਂ ਦੇ ਬੁੱਚੜਖਾਨੇ ਸਰਕਾਰ ਵਲੋਂ ਬੰਦ ਕਰਵਾ ਦਿੱਤੇ ਗਏ ਹਨ ਪਰ ਵੱਡੇ ਬੁੱਚੜ ਵਪਾਰੀਆਂ ਦੇ ਮਾਮਲੇ ਵਿਚ ਸਰਕਾਰ ਦੀ ਇਹ ਮਾਤਾ ਸ਼ਾਇਦ ਮਾਤਾ ਨਹੀਂ ਮਹਿਜ਼ ਜਾਨਵਰ ਹੀ ਰਹਿ ਜਾਂਦੀ ਹੈ।
Must Watch Video:

 

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS