ਬਿਲਾਲ ਅਹਿਮਦ ਕਾਵਾ ਦਾ ਪਰਿਵਾਰ ਅਤੇ ਹੋਰ ਲੋਕ ਉਸਦੀ ਗ੍ਰਿਫਤਾਰੀ ਵਿਰੁੱਧ ਮੁਜ਼ਾਹਰਾ ਕਰਦੇ ਹੋਏ

ਸ਼੍ਰੀਨਗਰ, (ਜਾਗੋ ਪੰਜਾਬ ਬਿਊਰੋ): ਲਾਲ ਕਿਲ੍ਹੇ ‘ਤੇ ਹਮਲੇ ਦੇ ਦੋਸ਼ ਵਿਚ ਬੀਤੇ ਦਿਨ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੇ ਗਏ ਕਸ਼ਮੀਰੀ ਨਾਗਰਿਕ ਬਿਲਾਲ ਅਹਿਮਦ ਕਾਵਾ ਦੇ ਪਰਿਵਾਰ ਨੇ ਇਸ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦਸਦਿਆਂ ਪੁਲਿਸ ਉੱਤੇ ਕਾਵਾ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਦੋਸ਼ ਲਾਇਆ ਹੈ। ਪਰਿਵਾਰ ਨੇ ਭਾਰਤੀ ਮੀਡੀਆ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਕ ਬੇਕਸੂਰ ਨਾਗਰਿਕ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰ ਰਿਹਾ ਹੈ ਅਤੇ ਕਾਵਾ ਦੀ ਰਿਹਾਈ ਦੀ ਮੰਗ ਕੀਤੀ।

ਕਾਵਾ ਦੀ ਗ੍ਰਿਫਤਾਰੀ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਭਾਰਤੀ ਮੀਡੀਆ ਉੱਤੇ ਦੋਸ਼ ਲਾਉਂਦਿਆਂ ਕਾਵਾ ਦੇ ਭਰਾ ਨੇ ਕਿਹਾ ਕਿ ਇਹਨਾਂ ਲੋਕਾਂ ਦੀਆਂ ਇਹ ਹਰਕਤਾਂ ਕਸ਼ਮੀਰੀਆਂ ਨੂੰ ਬੰਦੂਕ ਚੁੱਕਣ ਲਈ ਮਜ਼ਬੂਰ ਕਰਦੀਆਂ ਹਨ ਜਿਵੇਂ ਪੀਐਚਡੀ ਵਿਦਿਆਰਥੀ ਮਨਾਨ ਵਾਨੀ ਅਤੇ ਬੁਰਹਾਨ ਵਾਨੀ ਨੂੰ ਬੰਦੂਕ ਚੁੱਕਣੀ ਪਈ।

ਬਿਲਾਲ ਅਹਿਮਦ ਕਾਵਾ ਦੀ ਗ੍ਰਿਫਤਾਰੀ ਮੌਕੇ ਦੀ ਤਸਵੀਰ

ਗੌਰਤਲਬ ਹੈ ਕਿ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕਾਵਾ ਦਾ ਸਬੰਧ ਲਸ਼ਕਰ-ਏ-ਤਾਇਬਾ ਨਾਲ ਹੈ ਅਤੇ ਉਹ ਸਾਲ 2000 ਤੋਂ ਭਗੌੜਾ ਚੱਲ ਰਿਹਾ ਸੀ ਤੇ ਪੁਲਿਸ ਨੇ ਹਵਾਲਾ ਜਰੀਏ ਪੈਸੇ ਦੇ ਲੈਣ ਦੇਣ ਦਾ ਵੀ ਦੋਸ਼ ਲਾਇਆ ਹੈ। 22 ਦਸੰਬਰ, 2000 ਨੂੰ ਭਾਰਤੀ ਗਣਤੰਤਰ ਦਿਹਾੜੇ ਤੋਂ ਪਹਿਲਾਂ ਲਾਲ ਕਿਲ੍ਹੇ ‘ਤੇ ਹੋਏ ਹਮਲੇ ਵਿਚ 2 ਭਾਰਤੀ ਜਵਾਨਾਂ ਸਮੇਤ 3 ਲੋਕ ਮਾਰੇ ਗਏ ਸਨ। ਇਸ ਕੇਸ ਵਿਚ 11 ਲੋਕਾਂ ਨੂੰ ਸਜ਼ਾਵਾਂ ਹੋ ਚੁੱਕੀਆਂ ਹਨ।

ਪੁਲਿਸ ਦੇ ਇਹਨਾਂ ਦਾਅਵਿਆਂ ਨੂੰ ਨਕਾਰਦਿਆਂ ਬਿਲਾਲ ਅਹਿਮਦ ਕਾਵਾ ਦੇ ਪਰਿਵਾਰ ਨੇ ਕਿਹਾ ਕਿ ਉਸਦਾ ਨਵੀਂ ਦਿੱਲੀ ਵਿਚ ਸਦਰ ਬਜ਼ਾਰ ਨੇੜੇ ਘਰ ਹੈ ਤੇ ਉਹ ਦਿੱਲੀ ਆਪਣਾ ਇਲਾਜ ਕਰਾਉਣ ਗਿਆ ਸੀ। ਕਾਵਾ ਦੀ ਮਾਂ ਨੇ ਕਿਹਾ, “ਮੇਰਾ ਪੁੱਤ ਨਵੀਂ ਦਿੱਲੀ ਆਪਣਾ ਇਲਾਜ ਕਰਾਉਣ ਗਿਆ ਸੀ। ਦਿੱਲੀ ਵਿਚ ਰਹਿੰਦੇ ਉਸਦੇ ਭਰਾ ਨੇ ਉਸਨੂੰ ਇਲਾਜ ਲਈ ਦਿੱਲੀ ਆਉਣ ਵਾਸਤੇ ਕਿਹਾ ਸੀ ਪਰ ਦਿੱਲੀ ਪਹੁੰਚਦਿਆਂ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।”

ਉਹਨਾਂ ਕਿਹਾ ਕਿ ਜੇ ਉਹਨਾਂ ਦੇ ਪੁੱਤ ਦਾ ਹੱਥ ਕਿਸੇ ਹਥਿਆਰਬੰਦ ਕਾਰਵਾਈ ਵਿਚ ਹੁੰਦਾ ਤਾਂ ਉਹ ਆਪਣੇ ਅਸਲ ਨਾਮ ਅਤੇ ਦਸਤਾਵੇਜਾਂ ਉੱਤੇ ਦਿੱਲੀ ਕਿਉਂ ਜਾਂਦਾ। ਉਹਨਾਂ ਕਿਹਾ ਕਿ ਉਹ ਲਗਾਤਾਰ ਦਿੱਲੀ ਆਉਂਦਾ ਜਾਂਦਾ ਸੀ। ਉਹਨਾਂ ਦੋਸ਼ ਲਾਇਆ ਕਿ ਕਾਵਾ ਨੂੰ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ।

ਬਿਲਾਲ ਕਾਵਾ ਦੇ ਭਰਾ ਨੇ ਕਿਹਾ ਕਿ ਉਹ ਕਸ਼ਮੀਰ ਵਿਚ ਆਪਣੇ ਘਰ ਵਿਚ ਹੀ ਰਹਿੰਦਾ ਸੀ ਜੋ ਸੀਆਰਪੀਐਫ ਕੈਂਪ ਦੇ ਬਿਲਕੁਲ ਨਜ਼ਦੀਕ ਹੈ। ਉਹਨਾਂ ਕਿਹਾ ਕਿ ਜੇ ਉਹ ਭਗੌੜਾ ਸੀ ਤਾਂ ਪੁਲਿਸ ਨੇ ਉਸਨੂੰ ਉੱਥੋਂ ਗ੍ਰਿਫਤਾਰ ਕਿਉਂ ਨਹੀਂ ਕੀਤਾ।

NO COMMENTS