ਜਲੰਧਰ, (ਜਾਗੋ ਪੰਜਾਬ ਬਿਊਰੋ): ਨੈਸ਼ਨਲ ਯੂਥ ਅਥਲੈਟਿਕਸ ਚੈਂਪੀਅਨਸ਼ਿਪ ‘ਚੋਂ ਨਵਾਂ ਰਿਕਾਰਡ ਕਾਇਮ ਕਰਨ ਵਾਲੇ ਜਲੰਧਰ ਦੇ ਨਜ਼ਦੀਕ ਪੈਂਦੇ ਪਿੰਡ ਪਤਿਆਲ (ਭੋਗਪੁਰ ) ਦੇ ਗੁਰਸਿੱਖ ਅਥਲੀਟ ਗੁਰਿੰਦਰਬੀਰ ਸਿੰਘ ਨੇ ਬੈਂਕਾਕ (ਥਾਈਲੈਂਡ) ਵਿਖੇ ਜਾਰੀ ਦੂਜੀ ਏਸ਼ੀਅਨ ਯੂਥ ਅਥਲੈਟਿਕਸ ਚੈਂਪੀਅਨਸ਼ਿਪ ‘ਚੋਂ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ ਬਣਨ ਦਾ ਮਾਣ ਹਾਸਿਲ ਕੀਤਾ। ਥਾਈਲੈਂਡ ਦੇ ਸ਼ਹਿਰ ਬੈਂਕਾਕ ਵਿਖੇ ਕਰਵਾਈ ਇਸ ਚੈਂਪੀਅਨਸ਼ਿਪ ਦੇ 100 ਮੀਟਰ ਦੌੜ ਦੇ ਮੁਕਾਬਲੇ ‘ਚੋਂ 10.77 ਸੈਕਿੰਡ ਨਾਲ ਸੋਨ ਤਗਮਾ ਹਾਸਿਲ ਕਰਕੇ ਇਹ ਬੇਮਿਸਾਲ ਪ੍ਰਪਾਤੀ ਹਾਸਿਲ ਕੀਤੀ।

ਇਸ ਤੋਂ ਪਹਿਲਾ ਕਰਵਾਏ ਗਏ ਸੈਮੀਫਾਈਨਲ ਮੁਕਾਬਲੇ ਦੇ ਵਿੱਚੋਂ ਗੁਰਿੰਦਰਬੀਰ ਸਿੰਘ ਨੇ 10.69 ਸੈਕਿੰਡ ਨਾਲ ਨਵਾਂ ਨੈਸ਼ਨਲ ਰਿਕਾਰਡ ਵੀ ਕਾਇਮ ਕੀਤਾ ਤੇ ਆਪਣੇ ਬਣਾਏ ਹੋਏ ਰਿਕਾਰਡ ਨੂੰ ਤੋੜ ਕੇ ਇਹ ਨਵਾਂ ਕੀਰਤੀਮਾਨ ਸਥਾਪਿਤ ਕੀਤਾ।

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਜਲੰਧਰ ਵਿੱਚ +2 ਦੀ ਪੜ੍ਹਾਈ ਕਰਦੇ ਅਥਲੀਟ ਗੁਰਿੰਦਰਬੀਰ ਸਿੰਘ ਜੋ ਇਸ ਵੇਲੇ ਖਾਲਸਾ ਕਾਲਜ ਜਲੰਧਰ ਵਿਖੇ ਕੋਚ ਸਰਬਜੀਤ ਸਿੰਘ ਹੈਪੀ ਤੋਂ ਸਿਖਲਾਈ ਲੈ ਰਿਹਾ ਹੈ ਤੇ ਇਸ ਨੇ ਮੁੱਢਲੀ ਸਿਖਲਾਈ ਕੋਚ ਸਰਵਣ ਸਿੰਘ ਤੋਂ ਗੁਰੂ ਨਾਨਕ ਨੈਸ਼ਨਲ ਮਿਸ਼ਨ ਪਬਲਿਕ ਸਕੂਲ ਡੱਲਾ ਭੋਗਪੁਰ ਤੋਂ ਹਾਸਿਲ ਕੀਤੀ।

ਇਸ ਦੇ ਸਪੋਰਟਸ ਮੈਡੀਸਨ ਦੇ ਡਾ. ਮਨਜੀਤ ਸਿੰਘ ਬੀ.ਐਸ.ਐਫ ਦੇ ਅਧਿਕਾਰੀ ਨੇ ਕਿਹਾ ਕਿ ਗੁਰਿੰਦਰਬੀਰ ਸਿੰਘ ਇਕ ਦਿਨ ਜ਼ਰੂਰ ਉਲੰਪਿਕ ਖੇਡਾਂ ‘ਚੋਂ ਤਗਮਾ ਹਾਸਿਲ ਕਰੇਗਾ ਤੇ ਇਹ ਜਿੱਤ ਪੰਜਾਬ ਦੇ ਖਿਡਾਰੀਆਂ ਲਈ ਇਕ ਮਿਸਾਲ ਹੈ।

ਏਸ਼ੀਆ ਦਾ ਸਭ ਤੋਂ ਤੇਜ ਦੌੜਾਕ ਬਣਨ ਤੇ ਗੁਰਿੰਦਰਬੀਰ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਇਸ ਦੇ ਪਿਤਾ ਕਮਲਜੀਤ ਸਿੰਘ ਤੇ ਮਾਤਾ ਰੁਪਿੰਦਰ ਕੌਰ ਬਾਗੋਬਾਗ ਹਨ ਤੇ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਸਤਬੀਰ ਸਿੰਘ ਤੇ ਜਨਰਲ ਸਕੱਤਰ ਕੇ.ਪੀ.ਐਸ. ਬਰਾੜ ਵੱਲੋਂ ਗੁਰਿੰਦਰਬੀਰ ਸਿੰਘ ਤੇ ਇਸ ਦੇ ਕੋਚ ਸਰਬਜੀਤ ਸਿੰਘ ਹੈਪੀ ਨੂੰ ਵਧਾਈ ਦਿੱਤੀ ਹੈ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS